ਜ਼ਖ਼ਮੀ ਨੇ ਦਮ ਤੋੜਿਆ
ਤਰਨ ਤਾਰਨ: ਵਲਟੋਹਾ ਇਲਾਕੇ ਵਿੱਚ ਸੋਮਵਾਰ ਰਾਤ ਨੂੰ ਇਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਬੀਤੇ ਦਿਨੀਂ ਦਮ ਤੋੜ ਦਿੱਤਾ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਕੇ ਹਾਦਸੇ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (43) ਵਾਸੀ ਆਬਾਦੀ ਅਮਰਕੋਟ ਵਜੋਂ ਹੋਈ ਹੈ| ਉਹ ਅਮਰਕੋਟ ਦੀ ਰਾਜੋਕੇ ਰੋਡ ਤੋਂ ਆਪਣੇ ਘਰ ਨੂੰ ਮੁੜਨ ਲੱਗਾ ਸੀ ਕਿ ਉਸ ਨੂੰ ਮਹਿਮੂਦਪੁਰ ਵਾਲੇ ਪਾਸਿਓਂ ਆ ਰਹੇ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਉਸਨੂੰ ਫੌਰੀ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ| ਥਾਣਾ ਦੇ ਏਐਸਆਈ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਚਾਲਕ ਗੁਰਜੰਟ ਸਿੰਘ ਵਾਸੀ ਚੀਮਾ ਖੁਰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ| -ਪੱਤਰ ਪ੍ਰੇਰਕ
ਅਫੀਮ ਸਣੇ ਦੋ ਕਾਬੂ
ਭੋਗਪੁਰ: ਥਾਣਾ ਭੋਗਪੁਰ ਦੀ ਪੁਲੀਸ ਨੇ ਦੋ ਨਸ਼ਾ ਤਸਕਰ ਨੂੰ ਇੱਕ ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਪ ਪੁਲੀਸ ਕਪਤਾਨ ਕੁਲਵੰਤ ਸਿੰਘ ਤੇ ਥਾਣਾ ਮੁਖੀ ਇੰਸਪੈਕਟਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਏ ਐਸ ਆਈ ਸ਼ਲਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਦੀ ਗਸ਼ਤ ਦੌਰਾਨ ਦੋ ਸ਼ੱਕੀ ਹਾਲਤ ਵਿੱਚ ਦੋ ਨੌਜਵਾਨ ਪਿੰਡ ਲੜੋਆ ਦੇ ਨਜ਼ਦੀਕ ਪੁਲ ਦੇ ਹੇਠਾਂ ਦੇਖੇ। ਪੁਲੀਸ ਨੇ ਦੋਵਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰਕੇ ਬੈਗ ਖੋਲ੍ਹਿਆ ਤਾਂ ਇੱਕ ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਅਕਲੇਸ਼ ਕੁਮਾਰ ਵਾਸੀ ਜਦਾਗ ਥਾਣਾ ਲਾਵਾਲੋਗ ਜ਼ਿਲ੍ਹਾ ਚਤਰਾ (ਝਾਰਖੰਡ) ਅਤੇ ਨਰਿੰਦਰ ਯਾਦਵ ਵਾਸੀ ਤਤਲੰਗੀ ਥਾਣਾ ਪਾਕੀ ਜ਼ਿਲ੍ਹਾ ਪਲਾਮੂ (ਝਾਰਖੰਡ) ਵਜੋਂ ਹੋਈ। ਦੋਵਾਂ ਖ਼ਿਲਾਫ਼ ਥਾਣਾ ਭੋਗਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ
ਨਾਜਾਇਜ਼ ਉਸਾਰੀਆਂ ਢਾਹੀਆਂ
ਪਠਾਨਕੋਟ: ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਦੀਪ ਸਿੰਘ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਰੈਗੂਲੇਟਰੀ ਵਿੰਗ, ਜ਼ਿਲ੍ਹਾ ਨਗਰ ਯੋਜਨਾਕਾਰ (ਰ), ਪਠਾਨਕੋਟ ਵੱਲੋਂ ਬਤੌਰ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ, ਨਰੋਟ ਜੈਮਲ ਸਿੰਘ ਅਤੇ ਥਾਣਾ ਨਰੋਟ ਜੈਮਲ ਸਿੰਘ ਦੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪਿੰਡ ਫੱਤੋਚੱਕ, ਫੱਤੋਚੱਕ ਤੋਂ ਕਿਲਪੁਰ ਰੋਡ, ਪਠਾਨਕੋਟ ਅਤੇ ਨੇੜੇ ਪੁਲੀਸ ਚੌਕੀ ਨੇੜੇ ਮਨਵਾਲ ਮੰਗਵਾਲ ਮੋੜ-ਬਮਿਆਲ ਰੋਡ, ਪਠਾਨਕੋਟ ਵਿਖੇ ਬਣ ਰਹੀਆਂ ਦੋ ਅਣ-ਅਧਿਕਾਰਤ ਕਲੋਨੀਆਂ ਵਿਰੁੱਧ ਕਾਰਵਾਈ ਉਸਾਰੀਆਂ ਢਾਹ ਦਿੱਤੀਆਂ ਗਈਆਂ। -ਪੱਤਰ ਪ੍ਰੇਰਕ
ਜੱਚਾ-ਬੱਚਾ ਕੇਂਦਰ ਦੀ ਕੰਧ ਡਿੱਗੀ
ਫਗਵਾੜਾ: ਇਥੋਂ ਦੇ ਸਿਵਲ ਹਸਪਤਾਲ ’ਚ ਜੱਚਾ ਬੱਚਾ ਕੇਂਦਰ ਦੀ ਇਮਾਰਤ ਦੀ ਕੰਧ ਡਿੱਗੀ ਗਈ। ਹਾਲਾਂਕਿ, ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਇਮਾਰਤ ਦਾ ਉਦਘਾਟਨ ਸਾਲ 2022 ’ਚ ਬਣੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਗਿਆ ਸੀ। ਐੱਸਐੱਮਓ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। -ਪੱਤਰ ਪ੍ਰੇਰਕ
ਟਰੈਫਿਕ ਰੂਟ ਬਦਲਿਆ
ਬਲਾਚੌਰ: ਸੀਨੀਅਰ ਪੁਲੀਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਆਮ ਪਬਲਿਕ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਰੂਪਨਗਰ-ਚੰਡੀਗੜ੍ਹ ਹਾਈਵੇ ਤੇ ਪਿੰਡ ਭਿਓਰਾ ਦੇ ਨਜ਼ਦੀਕ ਫਲਾਈਓਵਰ ਦਾ ਕੰਮ ਚੱਲਣ ਕਾਰਨ ਜਾਮ ਲੱਗ ਰਹੇ ਹਨ ਜਿਸ ਤੋਂ ਬਚਣ ਲਈ ਅਗਲੇ ਤਿੰਨ ਮਹੀਨੇ ਤੱਕ ਐਸਬੀਐੱਸ ਨਗਰ (ਨਵਾਂਸ਼ਹਿਰ) ਵਾਲੇ ਪਾਸਿਓਂ ਚੰਡੀਗੜ੍ਹ ਜਾਣ ਵਾਲੇ ਵਾਹਨ ਬਰਾਸਤਾ ਸ੍ਰੀ ਚਮਕੌਰ ਸਾਹਿਬ ਤੋਂ ਚੰਡੀਗੜ੍ਹ ਜਾ ਸਕਦੇ ਹਨ ਅਤੇ ਨੰਗਲ ਵਾਲੇ ਪਾਸਿਓਂ ਚੰਡੀਗੜ੍ਹ ਜਾਣ ਵਾਲੇ ਵਾਹਨ ਬਰਾਸਤਾ ਨਾਲਾਗੜ੍ਹ-ਬੱਦੀ ਤੋਂ ਚੰਡੀਗੜ੍ਹ ਜਾ ਸਕਦੇ ਹਨ। -ਨਿੱਜੀ ਪੱਤਰ ਪ੍ਰੇਰਕ