ਜਸਟਿਸ ਵਰਮਾ ਖ਼ਿਲਾਫ਼ ਮਹਾਦੋਸ਼ ਲਈ ਸੀਪੀਆਈ ਆਗੂ ਨੇ ਹਮਾਇਤ ਮੰਗੀ
05:03 AM May 29, 2025 IST
ਨਵੀਂ ਦਿੱਲੀ, 28 ਮਈ
ਸੀਪੀਆਈ ਦੇ ਸੰਸਦ ਮੈਂਬਰ ਸੰਦੋਸ਼ ਕੁਮਾਰ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੱਤਰ ਲਿਖ ਕੇ ਅਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਖ਼ਿਲਾਫ਼ ਮਹਾਦੋਸ਼ ਦਾ ਮਤਾ ਲਿਆਉਣ ਲਈ ਉਨ੍ਹਾਂ ਦੀ ਹਮਾਇਤ ਮੰਗੀ ਹੈ। ਦਿੱਲੀ ’ਚ ਜੱਜ ਦੀ ਰਿਹਾਇਸ਼ ਤੋਂ ਨਕਦੀ ਮਿਲਣ ਮਗਰੋਂ ਸੁਪਰੀਮ ਕੋਰਟ ਵੱਲੋਂ ਨਿਯੁਕਤ ਜਾਂਚ ਕਮੇਟੀ ਨੇ ਜਸਟਿਸ ਵਰਮਾ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸੀਪੀਆਈ ਦੀ ਸੰਸਦੀ ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਸੰਦੋਸ਼ ਕੁਮਾਰ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਪੱਤਰ ਲਿਖੇ ਹਨ। ਪੱਤਰ ’ਚ ਉਨ੍ਹਾਂ ਲਿਖਿਆ ਹੈ ਕਿ ਸਾਰੀਆਂ ਪਾਰਟੀਆਂ ਸਿਆਸਤ ਤੋਂ ਉਪਰ ਉੱਠ ਕੇ ਭਾਰਤੀ ਨਿਆਂਪਾਲਿਕਾ ਦੀ ਭਰੋਸੇਯੋਗਤਾ ਦੀ ਰਾਖੀ ਲਈ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ। ਉਨ੍ਹਾਂ ਕਿਹਾ ਕਿ ਜੇ ਇਹ ਦੋਸ਼ ਸੱਚ ਸਾਬਤ ਹੋਏ ਤਾਂ ਇਹ ਨਾ ਸਿਰਫ਼ ਲੋਕਾਂ ਦੇ ਭਰੋਸੇ ਨਾਲ ਘੋਰ ਵਿਸ਼ਵਾਸਘਾਤ ਹੋਵੇਗਾ ਸਗੋਂ ਜੁਡੀਸ਼ਲ ਸੰਸਥਾਵਾਂ ਦੀ ਇਮਾਨਦਾਰੀ ’ਤੇ ਵੀ ਗੰਭੀਰ ਹਮਲਾ ਹੋਵੇਗਾ। -ਪੀਟੀਆਈ
Advertisement
Advertisement