ਜਲ ਸੰਕਟ: ਆਤਿਸ਼ੀ ਨੇ ਮੁੱਖ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਮਈ
ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖ ਕੇ ਦਿੱਲੀ ਵਿੱਚ ਪਾਣੀ ਸੰਕਟ ਬਾਰੇ ਮੁਲਾਕਾਤ ਲਈ ਸਮਾਂ ਮੰਗਿਆ ਹੈ। ਆਤਿਸ਼ੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਕਿਹਾ, ‘‘ਟੈਂਕਰਾਂ ਦੇ ਸਾਹਮਣੇ ਕਤਾਰ ਵਿੱਚ ਖੜ੍ਹੀਆਂ ਔਰਤਾਂ, ਬਾਲਟੀਆਂ ਅਤੇ ਘੜਿਆਂ ਨਾਲ ਉਡੀਕ ਕਰ ਰਹੇ ਬੱਚੇ, ਇਹ ਦ੍ਰਿਸ਼ ਹੁਣ ਦਿੱਲੀ ਵਿਚ ਆਮ ਹਨ। ਕੀ ਭਾਜਪਾ ਨੇ ਦਿੱਲੀ ਦੇ ਲੋਕਾਂ ਲਈ ਅਜਿਹੀ ਦਿੱਲੀ ਦਾ ਸੁਪਨਾ ਦੇਖਿਆ ਸੀ’’। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿੱਚ 24 ਘੰਟੇ ਪਾਣੀ ਦੀ ਸਪਲਾਈ ਬੰਦ ਹੈ। ਲੋਕ ਪ੍ਰੇਸ਼ਾਨ ਹਨ ਪਰ ਸਰਕਾਰ ਅਤੇ ਮੰਤਰੀ ਚੁੱਪ ਹਨ। ਦਿੱਲੀ ਵਿੱਚ ਚਾਰ ਇੰਜਣਾਂ ਵਾਲੀ ਭਾਜਪਾ ਸਰਕਾਰ ਦੇ ਬਾਵਜੂਦ, ਦਿੱਲੀ ਦੇ ਲੋਕ ਅਜੇ ਵੀ ਪਾਣੀ ਵਰਗੀਆਂ ਬੁਨਿਆਦੀ ਜ਼ਰੂਰਤਾਂ ਲਈ ਸਰਕਾਰ ’ਤੇ ਨਿਰਭਰ ਹਨ। ਆਤਿਸ਼ੀ ਨੇ ਕਿਹਾ ਕਿ ਜੇਕਰ ਮਈ ਦੇ ਮਹੀਨੇ ਵਿੱਚ ਇਹੀ ਸਥਿਤੀ ਹੈ ਤਾਂ ਜੂਨ ਵਿੱਚ ਕੀ ਹੋਵੇਗਾ।’’ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪਾਣੀ ਦੀ ਕਮੀ ਸਿਰਫ਼ ਇੱਕ ਪ੍ਰਸ਼ਾਸਨਿਕ ਭੁੱਲ ਨਹੀਂ ਹੈ, ਸਗੋਂ ਜਨਤਾ ਪ੍ਰਤੀ ਭਾਜਪਾ ਸਰਕਾਰ ਦੀ ਲਾਪ੍ਰਵਾਹੀ ਹੈ।
ਉਨ੍ਹਾਂ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ, ‘‘ਮੈਂ ਤੁਹਾਨੂੰ ਇਹ ਪੱਤਰ ਰਾਜਧਾਨੀ ਦਿੱਲੀ ਵਿੱਚ ਪਾਣੀ ਦੇ ਗੰਭੀਰ ਸੰਕਟ ਬਾਰੇ ਲਿਖ ਰਹੀ ਹਾਂ ਜਿਸ ਦਾ ਅੱਜ ਪੂਰਾ ਸ਼ਹਿਰ ਸਾਹਮਣਾ ਕਰ ਰਿਹਾ ਹੈ। ਅਜੇ ਮਈ ਦਾ ਮਹੀਨਾ ਹੈ, ਗਰਮੀਆਂ ਦੀ ਅਸਲ ਗਰਮੀ ਅਜੇ ਆਉਣੀ ਬਾਕੀ ਹੈ, ਪਰ ਦਿੱਲੀ ਦੇ ਲੋਕ ਪਾਣੀ ਦੀ ਭਿਆਨਕ ਕਮੀ ਦਾ ਸਾਹਮਣਾ ਕਰ ਰਹੇ ਹਨ।’’