ਜਲ ਸਰੋਤ ਵਿਭਾਗ ਦੀ ਜ਼ਮੀਨ ਤੋਂ ਕਬਜ਼ੇ ਹਟਾਏ
ਮੋਹਿਤ ਸਿੰਗਲਾ
ਨਾਭਾ, 20 ਮਈ
ਇੱਥੋਂ ਦੇ ਪਿੰਡ ਰੋਹਟੀ ਛੰਨਾ ਵਿੱਚ ਅੱਜ ਸਵੇਰੇ ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਫੋਰਸ ਨੇ ਜਲ ਸਰੋਤ ਮਹਿਕਮੇ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ। ਇਸ ਨੂੰ ਨਸ਼ਿਆਂ ਵਿਰੁੱਧ ਕਾਰਵਾਈ ਦੱਸਦੇ ਹੋਏ ਐੱਸਐੱਸਪੀ ਨੇ ਦੱਸਿਆ ਕਿ ਇਹ ਪਿੰਡ ਨਸ਼ਾ ਵੇਚਣ ਦੇ ਮਾਮਲੇ ਵਿਚ ਕਾਫ਼ ਬਦਨਾਮ ਰਿਹਾ ਹੈ ਤੇ ਨਸ਼ਾ ਤਸਕਰਾਂ ਨੇ ਸਰਕਾਰੀ ਥਾਂ ’ਤੇ ਨਾਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਸਨ ਜਿਨ੍ਹਾਂ ਨੂੰ ਅੱਜ ਢਾਹਿਆ ਗਿਆ ਹੈ। ਕੁਝ ਪਿੰਡ ਵਾਸੀਆਂ ਨੇ ਇੱਥੇ ਪਸ਼ੂਆਂ ਤੇ ਤੂੜੀ ਆਦਿ ਲਈ ਸ਼ੈੱਡ ਪਾਏ ਹੋਏ ਸਨ ਜਿਨ੍ਹਾਂ ਨੂੰ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਢਾਹਿਆ ਗਿਆ। ਪੁਲੀਸ ਮੁਤਾਬਕ ਇਹ ਉਸਾਰੀਆਂ ਦਰਜਨ ਦੇ ਕਰੀਬ ਨਸ਼ਾ ਤਸਕਰਾਂ ਵੱਲੋਂ ਕੀਤੀਆਂ ਗਈਆਂ ਸਨ ਤੇ ਹਰ ਇੱਕ ’ਤੇ ਐਨਡੀਪੀਐੱਸ ਐਕਟ ਦੇ ਤਹਿਤ ਕਈ ਕੇਸ ਦਰਜ ਹਨ। ਰੋਹਟੀ ਛੰਨਾ ਵਿਚ ਨਸ਼ਾ ਵੇਚਣ ਲਈ ਬਦਨਾਮ ਕਲੋਨੀ ਵਿਚ ਅੱਜ ਕਈ ਘਰਾਂ ਨੂੰ ਤਾਲੇ ਲੱਗੇ ਮਿਲੇ। ਇਸ ਮੌਕੇ ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਇਸੇ ਤਰੀਕੇ ਪੀਲਾ ਪੰਜਾ ਚੱਲੇਗਾ ਅਤੇ ਨਸ਼ਾ ਪੀੜਤਾਂ ਦਾ ਇਲਾਜ ਕਰਵਾਇਆ ਜਾਵੇਗਾ।
ਇਸ ਮੌਕੇ ਪਟਿਆਲਾ ਐੱਸਪੀ (ਡੀ) ਗੁਰਬੰਸ ਸਿੰਘ ਬੈਂਸ, ਨਾਭਾ ਦੀ ਡੀਐੱਸਪੀ ਮਨਦੀਪ ਕੌਰ ਅਤੇ ਸਦਰ ਥਾਣਾ ਮੁਖੀ ਗੁਰਪ੍ਰੀਤ ਸਿੰਘ ਸਮਰਾਓ ਤੋਂ ਇਲਾਵਾ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਹਾਜ਼ਰ ਸਨ।