ਜਲ ਸਰੋਤ ਮੰਤਰੀ ਵੱਲੋਂ ਦਿਆਲਪੁਰਾ ਰਜਬਾਹੇ ਦਾ ਉਦਘਾਟਨ
ਲਹਿਰਾਗਾਗਾ, 20 ਮਈ
ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇੱਥੇ 4 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਦਿਆਲਪੁਰਾ ਰਜਬਾਹੇ ਦਾ ਉਦਘਾਟਨ ਕੀਤਾ। ਇਸ ਦੌਰਾਨ ਕੈਬਨਿਟ ਮੰਤਰੀ ਗੋਇਲ ਨੇ ਦੱਸਿਆ ਕਿ ਦਿਆਲਪੁਰਾ ਰਜਬਾਹਾ ਘੱਗਰ ਬ੍ਰਾਂਚ ’ਚੋਂ ਨਿਕਲਦਾ ਹੈ। ਇਸ ਨਾਲ ਕੁੱਲ 7881 ਏਕੜ ਰਕਬੇ ਨੂੰ ਪਾਣੀ ਮਿਲੇਗਾ ਅਤੇ ਲਹਿਰਾਗਾਗਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਕਿਉਂਕਿ ਪਹਿਲਾਂ ਬਣੇ ਰਜਬਾਹੇ ਵਿੱਚ ਪਾਣੀ ਦੀ ਸਪਲਾਈ ਸਬੰਧੀ ਰੁਕਾਵਟਾਂ ਆਉਂਦੀਆਂ ਸਨ। ਇਸ ਰਜਬਾਹੇ ਦੀ ਕੁੱਲ ਲੰਬਾਈ 41947 ਫੁੱਟ ਹੈ। ਉਨ੍ਹਾਂ ਕਿਹਾ ਕਿ ਇਹ ਰਜਬਾਹਾ ਬਲਾਕ ਦਿੜ੍ਹਬਾ ਅਤੇ ਬਲਾਕ ਲਹਿਰਾਗਾਗਾ ਅਧੀਨ ਪੈਂਦਾ ਹੈ। ਇਸ ਪ੍ਰਾਜੈਕਟ ਤਹਿਤ ਬੁਰਜੀ 0-36000 ਤੱਕ ਕੰਕਰੀਟ ਲਾਈਨਿੰਗ ਕੀਤੀ ਗਈ ਹੈ ਅਤੇ ਬੁਰਜੀ 36000-37600 ਤੱਕ 800 ਐੱਮਐੱਮ ਪਾਈਪਲਾਈਨ ਪਾਈ ਗਈ ਹੈ। ਇਸ ਤੋਂ ਇਲਾਵਾ ਇਸ ’ਤੇ 6 ਪੁਲ ਬਣਾਏ ਗਏ ਹਨ। ਇਸ ਰਜਬਾਹੇ ਰਾਹੀਂ ਪਿੰਡਾਂ ਸੰਗਤੀਵਾਲਾ, ਭਾਈ ਕੀ ਪਿਸ਼ੌਰ, ਨੰਗਲਾ, ਸੇਖੂਵਾਸ, ਅੜਕਵਾਸ, ਰਾਮਗੜ੍ਹ ਸੰਧੂਆਂ, ਖਾਈ ਤੇ ਲਹਿਰਾਗਾਗਾ ਵਿੱਚ ਸਿੰਜਾਈ ਲਈ ਪਾਣੀ ਅਤੇ ਲਹਿਰਾਗਾਗਾ ਸ਼ਹਿਰ ਦੇ ਵਾਟਰ ਵਰਕਸ ਨੂੰ ਵੀ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਪੁੱਤਰ ਗੌਰਵ ਗੋਇਲ, ਓਐੱਸਡੀ ਰਾਕੇਸ਼ ਕੁਮਾਰ ਗੁਪਤਾ, ਤਪਿੰਦਰ ਸੋਹੀ, ਐਕਸੀਅਨ ਅਤਿੰਦਰ ਪਾਲ ਸਿੰਘ, ਐੱਸਡੀਓ ਆਰਿਅਨ ਜਾਨਦਾ, ਗੁਰਲਾਲ ਸਿੰਘ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਅਸ਼ਵਨੀ ਕੁਮਾਰ, ਅਜੇ ਕੁਮਾਰ ਠੋਲੀ, ਪ੍ਰਮੋਦ ਕੁਮਾਰ, ਸਰਪੰਚ ਜਸਪ੍ਰੀਤ ਸਿੰਘ ਸੇਖੋਵਾਸ ਤੇ ਸਰਪੰਚ ਜਰਨੈਲ ਸਿੰਘ ਆਦਿ ਹਾਜ਼ਰ ਹਨ।