ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਖ਼ਿਲਾਫ਼ ਧਰਨਾ
ਹਤਿੰਦਰ ਮਹਿਤਾ
ਜਲੰਧਰ, 29 ਮਈ
ਪੀ.ਡਬਲਿਊ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਜਲੰਧਰ ਕਪੂਰਥਲਾ ਵੱਲੋਂ ਜਥੇਬੰਦੀ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਨਿਗਰਾਨ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਜਲੰਧਰ ਦੇ ਦਫ਼ਤਰ ਅੱਗੇ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਖ਼ਿਲਾਫ਼ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਅਮਰੀਕ ਸਿੰਘ ਸੇਖੋਂ, ਪੁਸ਼ਪਿੰਦਰ ਕੁਮਾਰ ਵਿਰਦੀ, ਸੰਜੀਵ ਕੌਂਡਲ ਤੇ ਤਰਸੇਮ ਮਾਧੋਪੁਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ ਦੀ ਆੜ ਹੇਠ ਨਿੱਜੀਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨਾਲ ਲੋਕਾਂ ਤੋਂ ਸਾਫ਼ ਪੀਣ ਵਾਲੇ ਪਾਣੀ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ। ਪੰਚਾਇਤਾਂ ਕੋਲ ਆਮਦਨ ਦੇ ਸਾਧਨ ਅਤੇ ਤਕਨੀਕੀ ਤਜਰਬਾ ਨਾ ਹੋਣ ਕਰਕੇ ਪੰਚਾਇਤਾਂ ਦੇ ਹਵਾਲੇ ਕੀਤੀਆਂ ਜਾਣ ਵਾਲੀਆਂ ਜਲ ਸਪਲਾਈ ਸਕੀਮਾਂ ਬੰਦ ਹੋ ਜਾਣਗੀਆਂ ਜਿਸ ਕਾਰਨ ਲੋਕਾਂ ਨੂੰ ਮਹਿੰਗੇ ਭਾਅ ਪੀਣ ਵਾਲਾ ਪਾਣੀ ਖਰੀਦਣਾ ਪਵੇਗਾ।
ਆਗੂਆਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਖ ਵੱਖ ਵਿਭਾਗਾਂ ਵਿੱਚ ਹਜ਼ਾਰਾਂ ਨੌਕਰੀਆਂ ਦੇਣ ਦੇ ਦਮਗਜ਼ੇ ਮਾਰਦੀ ਹੈ ਤੇ ਦੂਜੇ ਪਾਸੇ ਜਲ ਸਪਲਾਈ ਸਕੀਮਾਂ ਤੇ 15-15 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕੰਮ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਪੰਚਾਇਤੀਕਰਨ/ ਨਿੱਜੀਕਰਨ ਦੇ ਨਾਂ ’ਤੇ ਕੱਢਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਸਕੀਮਾਂ ਤੇ ਨਵੀਂ ਭਰਤੀ ਕੀਤੀ ਜਾਵੇ, ਠੇਕੇ ਤੇ ਕੰਮ ਕਰ ਰਹੇ ਕਾਮਿਆਂ ਨੂੰ ਵਿਭਾਗ ਵਿੱਚ ਲੈ ਕੇ ਪੱਕੇ ਕੀਤਾ ਜਾਵੇ, ਇਨਲਸਿਟਮੈਟ ਅਤੇ ਆਊਟਸੋਰਸਿੰਗ ਦੇ ਕਾਮਿਆਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਦਫ਼ਤਰੀ ਕਾਮਿਆਂ ਨੂੰ ਘੱਟੋ ਘੱਟ ਤੀਹ ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ, ਫੀਲਡ ਵਿੱਚ ਕੰਮ ਕਰਦੇ ਦਰਜ਼ਾ ਤਿੰਨ ਅਤੇ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ। ਆਗੂਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲ ਸਪਲਾਈ ਸਕੀਮਾਂ ਨੂੰ ਪੰਚਾਇਤਾਂ ਦੇ ਹਵਾਲੇ ਕਰਨਾ ਬੰਦ ਨਹੀਂ ਕੀਤਾ ਤਾਂ 9 ਜੂਨ ਨੂੰ ਹੈੱਡ ਆਫ਼ਿਸ ਮੁਹਾਲੀ ਵਿੱਚ ਜਲ ਸਪਲਾਈ ਦੇ ਮੁਲਾਜ਼ਮ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰਨਗੇ। ਧਰਨੇ ਵਿੱਚ ਭੁਪਾਲ, ਸੰਜੀਵ ਕੁਮਾਰ, ਰਵੀ ਕੁਮਾਰ, ਰੋਸ਼ਨ ਲਾਲ,ਭੁੱਲਾ ਸਿੰਘ, ਬਲਵਿੰਦਰ ਸਿੰਘ, ਤਰਲੋਕ ਸਿੰਘ, ਜਗਤ ਪਾਲ, ਰਾਜਿੰਦਰ ਕੁਮਾਰ, ਸੁਖਵੀਰ ਸਿੰਘ, ਕਰਮਜੀਤ ਸਿੰਘ,ਓਮ ਪ੍ਰਕਾਸ਼,ਹਰੀ ਰਾਮ, ਸਤਵਿੰਦਰ ਸਿੰਘ,ਅਕਲ ਚੰਦ ਸਿੰਘ ਤੇ ਨਰੇਸ਼ ਨਾਹਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਸਨ।