ਜਲੰਧਰ ਹਾਫ ਮੈਰਾਥਨ ’ਚ ਦੌੜੇ ਚਾਰ ਹਜ਼ਾਰ ਤੋਂ ਵੱਧ ਦੌੜਾਕ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਦਸੰਬਰ
ਤੀਜੀ ਕੈਪੀਟਲ ਸਮਾਲ ਫਾਈਨਾਂਸ ਬੈਂਕ ‘ਵਨ ਰੇਸ’ ਜਲੰਧਰ ਹਾਫ ਮੈਰਾਥਨ ‘ਦੌੜ ਜਲੰਧਰ’ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਰਵਾਈ ਗਈ। ਇਸ ਦੌੜ ਵਿੱਚ ਅੰਤਰਰਾਸ਼ਟਰੀ ਸੀਨੀਅਰ ਅਥਲੀਟ ਫੌਜਾ ਸਿੰਘ, ਭਾਰਤ ਦੇ ਪਹਿਲੇ ‘ਬਲੇਡ ਰਨਰ’ ਮੇਜਰ ਡੀਪੀ ਸਿੰਘ, ਲੈਫ. ਜਨਰਲ ਚਾਂਦਪੁਰੀਆ, ਸਾਬਕਾ ਕੈਬਨਿਟ ਮੰਤਰੀ ਅਮਰਜੀਤ ਸਿੰਘ ਸਮਰਾ, ਕੈਪੀਟਲ ਬੈਂਕ ਦੇ ਐੱਮਡੀ ਸਰਵਜੀਤ ਸਿੰਘ ਸਮਰਾ, ਓਲੰਪੀਅਨ ਮਨਪ੍ਰੀਤ ਸਿੰਘ, ਓਲੰਪੀਅਨ ਮਨਦੀਪ ਸਿੰਘ ਨੇ 21.1 ਕਿਲੋਮੀਟਰ ਵਿੱਚ ਹਿੱਸਾ ਲੈ ਰਹੇ ਦੌੜਾਕਾਂ ਨੂੰ ਸਵੇਰੇ 6:30 ਵਜੇ, 10 ਕਿਲੋਮੀਟਰ ਵਿੱਚ ਹਿੱਸਾ ਲੈ ਰਹੇ ਦੌੜਾਕਾਂ ਨੂੰ 7:00 ਵਜੇ ਅਤੇ 5 ਕਿਲੋਮੀਟਰ ਵਿੱਚ ਹਿੱਸਾ ਲੈਣ ਵਾਲੇ ਦੌੜਾਕਾਂ ਨੂੰ 7:30 ਵਜੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਦੌੜਾਕਾਂ ਦੀ ਹੌਸਲਾ ਅਫਜ਼ਾਈ ਲਈ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੇ 10 ਕਿਲੋਮੀਟਰ ਦੌੜ ਵਿੱਚ ਹਿੱਸਾ ਲਿਆ। ਇਸ ਦੌੜ ਵਿੱਚ ਜਲੰਧਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਇਲਾਵਾ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਤੋਂ ਹਰ ਉਮਰ ਵਰਗ ਦੇ 4200 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ।
ਇਸ ਸਾਲ ਦੌੜ ਜਲੰਧਰ ਵਿੱਚ ਵੱਡੀ ਗਿਣਤੀ ਵਿੱਚ ਦੌੜਾਕਾਂ ਦੀ ਸ਼ਮੂਲੀਅਤ ਨੂੰ ਦੇਖਦਿਆਂ ਰੇਸ ਰੂਟ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ ਸੀ। 21 ਕਿਲੋਮੀਟਰ ਅਤੇ 10 ਕਿਲੋਮੀਟਰ ਵਾਲੇ ਦੌੜਾਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਦੌੜ ਸ਼ੁਰੂ ਕੀਤੀ। ਅੰਤਰਰਾਸ਼ਟਰੀ ਅਥਲੀਟ ਹਰਮਿਨ ਬੈਂਸ ਅਤੇ ਸਰਵਜੀਤ ਸਿੰਘ ਸਮਰਾ ਨੇ ਇਨਾਮ ਵੰਡੇ। ਹਾਫ ਮੈਰਾਥਨ ਵਿੱਚ ਪੁਰਸ਼ਾਂ ਦੀ 21.1 ਕਿਲੋਮੀਟਰ ਦੌੜ ਵਿੱਚ ਜਸਵਿੰਦਰ ਸਿੰਘ ਪਹਿਲੇ ਸਥਾਨ, ਅਨਿਲ ਕੁਮਾਰ ਯਾਦਵ ਦੂਜੇ ਅਤੇ ਰੋਹਿਤ ਦਹੀਆ ਤੀਜੇ ਸਥਾਨ ’ਤੇ ਰਹੇ, ਜਦ ਕਿ ਮਹਿਲਾ ਵਰਗ ਵਿੱਚ ਪੂਜਾ ਪਹਿਲੇ, ਰੂਹੀ ਬੋਹਰਾ ਦੂਜੇ ਅਤੇ ਪੂਜਾ ਪਾਂਡੇ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਪੁਰਸ਼ਾਂ ਦੀ 10 ਕਿਲੋਮੀਟਰ ਦੌੜ ਵਿੱਚ ਸਿਕੰਦਰ ਪਨਵਰ, ਲਵਪ੍ਰੀਤ ਸਿੰਘ ਅਤੇ ਅਜੇ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ, ਜਦ ਕਿ ਮਹਿਲਾ ਵਰਗ ਵਿੱਚ ਸੀਮਾ ਦੇਵੀ, ਸਮੀਰ ਔਲਖ ਅਤੇ ਕਿਰਨ ਸੋਢੀ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ, ਜਦ ਕਿ ਪੁਰਸ਼ਾਂ ਦੀ 5 ਕਿਲੋਮੀਟਰ ਦੌੜ ਵਿੱਚ ਤਰੁਨ ਕੁਮਾਰ ਮਿਸ਼ਰਾ, ਗੌਰਵ ਚੰਦਰਾ ਭੱਟ ਅਤੇ ਰਨਜੀਵ ਕੁਮਾਰ ਕ੍ਰਮਵਾਰ ਪਹਿਲਾ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ ਅਤੇ 5 ਕਿਲੋਮੀਟਰ ਮਹਿਲਾ ਵਰਗ ਵਿੱਚ ਗੁਰਜੀਤ ਕੌਰ ਨੇ ਪਹਿਲਾ, ਪ੍ਰਾਚੀ ਕੁਮਾਰੀ ਅਤੇ ਵੰਦਨਾ ਕੁਮਾਰੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਅੰਮ੍ਰਿਤਸਰ ਵਿੱਚ ਨਸ਼ਿਆਂ ਖ਼ਿਲਾਫ਼ ਚੇਤਨਾ ਰੈਲੀ
ਅੰਮ੍ਰਿਤਸਰ (ਪੱਤਰ ਪ੍ਰੇਰਕ): ਅਸਮਾਜ ਸੇਵੀ ਤੇ ਉਦਯੋਗਪਤੀ ਇੰਦਰਪਾਲ ਸਿੰਘ ਦੇ ਪੁੱਤਰ ਅਤੇ ਕੌਮੀ ਖਿਡਾਰੀ ਜਗਤੇਸ਼ਵਰ ਸਿੰਘ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਨਸ਼ਿਆਂ ਖ਼ਿਲਾਫ਼ ਚੇਤਨਾ ਰੈਲੀ ਕੱਢੀ। ਅੰਮ੍ਰਿਤਸਰ ਦੇ ਰਣਜੀਤ ਐਵਨਿਊ ਤੋਂ ਛੇਹਰਟਾ ਤੱਕ ਕੱਢੀ ਗਈ ਇਸ ਰੈਲੀ ਵਿੱਚ ਗੱਡੀਆਂ ਦੇ ਕਾਫ਼ਲੇ ਵਿੱਚ ਮੌਜੂਦ ਹੋਏ ਨੌਜਵਾਨਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸੂਬੇ ਨੂੰ ਖ਼ੁਸ਼ਹਾਲ ਕਰਨ ਲਈ ਜਾਗਰੂਕ ਕੀਤਾ। 17 ਸਾਲਾ ਜਗਤੇਸ਼ਵਰ ਸਿੰਘ ਨੇ ਕਿਹਾ ਕਿ ਆਪਣੇ ਮੁਲਕ ਦੀ ਵਿਸ਼ਵ-ਵਿਆਪੀ ਤਰੱਕੀ ਲਈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਖੇਡਾਂ ਤੇ ਹੋਰ ਉਸਾਰੂ ਕਾਰਜਾਂ ਵਿੱਚ ਲਾਉਣਾ ਚਾਹੀਦਾ ਹੈ। ਰੈਲੀ ਵਿੱਚ ਪੁਲੀਸ ਪ੍ਰਸ਼ਾਸਨ ਤੋਂ ਇਲਾਵਾ ਜੈ ਪ੍ਰਤਾਪ ਸਿੰਘ, ਜੈਦੀਪ ਸਿੰਘ, ਉਦੈ ਬਾਜਵਾ, ਤਰਕਸ਼ ਨੇ ਸ਼ਮੂਲੀਅਤ ਕੀਤੀ।