ਜਲੰਧਰ ਵਿੱਚ ਸੀਤ ਲਹਿਰ ਨੇ ਛੇੜੀ ਕੰਬਣੀ
ਹਤਿੰਦਰ ਮਹਿਤਾ
ਜਲੰਧਰ, 2 ਜਨਵਰੀ
ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਸੀਤ ਲਹਿਰ ਕਾਰਨ ਅੱਜ ਵੀ ਸ਼ਹਿਰ ਜਲੰਧਰ ਦੇ ਵਸਨੀਕ ਕੰਬਦੇ ਰਹੇ। ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨ ਲਈ ਵੀ ਸੀਤ ਲਹਿਰ ਦੀ ਚਿਤਾਵਨੀ ਦਿੱਤੀ ਗਈ ਹੈ। ਸੀਤ ਲਹਿਰ ਚੱਲਣ ਸਬੰਧੀ ਹਾਲੇ ਵੀ ਓਰੇਂਜ ਅਲਰਟ ਜਾਰੀ ਹੈ। ਇਸ ਦੇ ਨਾਲ ਬੱਦਲ ਵੀ ਛਾਏ ਰਹਿਣਗੇ ਅਤੇ ਪੰਜ ਜਨਵਰੀ ਨੂੰ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ। ਅੱਜ ਦਿਨ ’ਚ ਧੁੱਪ ਨਿਕਲੀ ਪਰ ਉਹ ਵੀ ਪੰਜ-ਸੱਤ ਮਿੰਟ ਲਈ। ਉਂਝ ਸਾਰਾ ਦਿਨ ਸੀਤ ਲਹਿਰ ਚੱਲਦੀ ਰਹੀ ਜਿਸ ਕਾਰਨ ਦਿਨ ਤੇ ਰਾਤ ਦੇ ਤਾਪਮਾਨ ’ਚ ਅੰਤਰ ਘਟਣ ਨਾਲ ਠੰਢ ਵਧਦੀ ਜਾ ਰਹੀ ਹੈ, ਕਿਉਂਕਿ ਘੱਟੋ-ਘੱਟ ਤਾਪਮਾਨ 8.8 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 11.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪਹਾੜਾਂ ’ਚ ਹੋਈ ਬਰਫ਼ਬਾਰੀ ਤੋਂ ਬਾਅਦ ਚੱਲ ਰਹੀਆ ਠੰਢੀਆਂ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ’ਚ ਸੀਤ ਲਹਿਰ ਚੱਲ ਰਹੀ ਹੈ, ਜਿਸ ਦਾ ਅਸਰ ਹਾਲੇ ਆਉਣ ਵਾਲੇ ਕੁਝ ਦਿਨਾਂ ’ਚ ਵੀ ਦੇਖਣ ਨੂੰ ਮਿਲੇਗਾ। ਇਸ ਨਾਲ ਤਾਪਮਾਨ ’ਚ ਉਤਰਾਅ-ਚੜ੍ਹਾਅ ਵੀ ਆਉਂਦਾ ਰਹੇਗਾ। ਠੰਢ ਕਾਰਨ ਬਾਜ਼ਾਰਾਂ ਵਿੱਚ ਰੌਣਕ ਘੱਟ ਦੇਖਣ ਨੂੰ ਮਿਲੀ ਤੇ ਦੁਕਾਨਦਾਰ ਵੀ ਅੱਗ ਸੇਕਦੇ ਦਿਖਾਈ ਦਿੱਤੇ।