ਜਲੰਧਰ ਵਿੱਚ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਖ਼ਿਲਾਫ਼ ਕੇਸ ਦਰਜ
ਹਤਿੰਦਰ ਮਹਿਤਾ
ਜਲੰਧਰ, 2 ਜਨਵਰੀ
ਪੰਜਾਬ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਨਗਰ ਸੁਧਾਰ ਟਰੱਸਟ ਜਲੰਧਰ ਦੇ ਸੀਨੀਅਰ ਸਹਾਇਕ ਰਹੇ ਸੰਜੀਵ ਕਾਲੀਆ (ਹੁਣ ਹੁਸ਼ਿਆਰਪੁਰ ’ਚ ਤਾਇਨਾਤ) ਖ਼ਿਲਾਫ਼ ਨਗਰ ਸੁਧਾਰ ਟਰੱਸਟ, ਜਲੰਧਰ ਵਿੱਚ ਅਹੁਦੇ ਦੀ ਦੁਰਵਰਤੋਂ ਰਾਹੀਂ ਬੇਨਿਯਮੀਆਂ ਕਰਨ ਤੇ ਪਤਨੀ ਦੇ ਨਾਂ ਹੇਠ ਪਲਾਟ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਨੰਬਰ 75/2022 ਦੀ ਪੜਤਾਲ ਤੋਂ ਪਤਾ ਲੱਗਾ ਕਿ ਸੰਜੀਵ ਕਾਲੀਆ ਖ਼ਿਲਾਫ਼ ਦਵਿੰਦਰਪਾਲ ਕੌਰ ਪਾਸੋਂ ਪਲਾਟ ਨੰਬਰ 828 ਦੀ ਨਾ-ਉਸਾਰੀ ਫ਼ੀਸ 14,35,350 ਰੁਪਏ ਹਾਸਲ ਕੀਤੇ ਬਿਨਾਂ ਹੀ ਅਤੇ ਡੀਲਿੰਗ ਹੈਂਡ ਨਾ ਹੁੰਦੇ ਹੋਏ ਅਹੁਦੇ ਦੀ ਦੁਰਵਰਤੋਂ ਕਰ ਕੇ 21.04.2010 ਨੂੰ ਇੱਕ ਪੱਤਰ ਉਕਤ ਪਲਾਟ ਦੇ ਖਸਰਾ ਨੰਬਰ ਦੀ ਰਿਪੋਰਟ ਦੇਣ ਲਈ ਪਟਵਾਰੀ ਨੂੰ ਲਿਖਿਆ ਸੀ। ਪਟਵਾਰੀ ਨੇ ਖਸਰਾ ਨੰਬਰਾਂ ਸਬੰਧੀ ਰਿਪੋਰਟ ਸੁਪਰਡੈਂਟ ਵਿਕਰੀ ਕੋਲ ਭੇਜ ਦਿੱਤੀ ਪਰ ਸੰਜੀਵ ਕਾਲੀਆ ਨੇ ਸੁਪਰਡੈਂਟ ਨੂੰ ਬਾਈਪਾਸ ਕਰਦਿਆਂ ਬੈਨਾਮਾ ਨਾ-ਉਸਾਰੀ ਫੀਸ 14,35,350 ਰੁਪਏ ਹਾਸਲ ਕੀਤੇ ਬਿਨਾਂ ਹੀ ਸਿੱਧੇ ਤੌਰ ਉੱਤੇ ਤਤਕਾਲੀ ਚੇਅਰਮੈਨ ਪਾਸੋਂ ਉਕਤ ਪਲਾਟ ਦਵਿੰਦਰਪਾਲ ਕੌਰ ਦੇ ਨਾਮ ਉਪਰ ਅਲਾਟ ਕਰਵਾ ਦਿੱਤਾ। ਇਸ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਵੱਲੋਂ ਮਿਤੀ 13/10/2016 ਨੂੰ ਇੱਕ ਪੱਤਰ ਜਾਰੀ ਕਰ ਕੇ ਦਵਿੰਦਰਪਾਲ ਕੌਰ ਦੇ ਨਾਮ ਉਪਰ ‘ਕੋਈ ਇਤਰਾਜ਼ ਨਹੀਂ ਸਰਟੀਫਿਕੇਟ’ ਜਾਰੀ ਕਰ ਦਿੱਤਾ ਜਦਕਿ ਦਵਿੰਦਰਪਾਲ ਕੌਰ ਦੀ ਮੌਤ ਮਿਤੀ 12/01/2015 ਨੂੰ ਹੋ ਚੁੱਕੀ ਸੀ, ਜਿਸ ਕਾਰਨ ਇਹ ਜਾਰੀ ਨਹੀਂ ਕੀਤਾ ਜਾ ਸਕਦਾ ਸੀ।
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਕਿ ਸੋਹਨ ਦੇਈ ਪਤਨੀ ਭਗਵਾਨ ਦਾਸ ਦੀ ਮਾਲਕੀ ਵਾਲਾ 9 ਮਰਲੇ 147 ਵਰਗ ਫੁੱਟ ਰਕਬਾ ਨਗਰ ਸੁਧਾਰ ਟਰੱਸਟ ਵੱਲੋਂ ਸਾਲ 1976 ਵਿੱਚ ਲਿਆਂਦੀ ਗਈ ‘110 ਸਕੀਮ’ ਗੁਰੂ ਤੇਗ ਬਹਾਦਰ ਨਗਰ, ਜਲੰਧਰ ਤਹਿਤ ਐਕੁਆਇਰ ਕੀਤਾ ਗਿਆ ਸੀ ਪਰ ਇਸ ਬਦਲੇ ਸੋਹਨ ਦੇਈ ਨੂੰ ਨੀਤੀ ਤਹਿਤ ਕੋਈ ਪਲਾਟ ਅਲਾਟ ਨਹੀਂ ਕੀਤਾ ਗਿਆ। ਸੰਜੀਵ ਕਾਲੀਆ ਨਗਰ ਸੁਧਾਰ ਟਰੱਸਟ, ਜਲੰਧਰ ਵਿੱਚ ਤਾਇਨਾਤ ਹੋਣ ਕਰਕੇ ਜਾਣਕਾਰੀ ਰੱਖਦਾ ਸੀ ਕਿ ਟਰੱਸਟ ਦੀ 94.5 ਏਕੜ ਸਕੀਮ ਗੁਰੂ ਗੋਬਿੰਦ ਸਿੰਘ ਐਵੇਨਿਊ ਵਿੱਚ ਉਸਦੇ ਰਿਹਾਇਸ਼ੀ ਮਕਾਨ ਦੇ ਨਾਲ ਲੱਗਦਾ ਪਲਾਟ ਨੰਬਰ 276 ਖਾਲੀ ਹੈ, ਜਿਸਨੂੰ ਐੱਲਡੀਪੀ ਕੋਟੇ ਵਿੱਚ ਕਿਸੇ ਹੋਰ ਦੇ ਨਾਮ ਉੱਤੇ ਅਲਾਟ ਕਰਵਾ ਕੇ ਆਪਣੇ ਨਾਂ ਕਰਵਾਇਆ ਜਾ ਸਕਦਾ ਹੈ। ਇਸ ਲਈ ਉਸਨੇ ਆਪਣੇ ਜਾਣਕਾਰਾਂ ਰਾਹੀਂ ਸੋਹਨ ਦੇਈ ਤੱਕ ਪਹੁੰਚ ਕਰ ਕੇ ਉਸਨੂੰ ਮਹਿਜ਼ 6,50,000 ਰੁਪਏ ਦੇ ਕੇ ਦੀਪਕ ਵਾਸੀ ਸੱਤੋਵਾਲੀ, ਜਲੰਧਰ ਨੂੰ ਮੁਖਤਿਆਰ-ਏ-ਆਮ ਖੜ੍ਹਾ ਕਰ ਕੇ ਉਸਦੇ ਨਾਮ ਉੱਤੇ ਮੁਖਤਿਆਰਨਾਮਾ ਨੰਬਰ 275 ਮਿਤੀ 10.10.2011 ਨਾਲ ਰਜਿਸਟਰਡ ਕਰਵਾ ਦਿੱਤਾ। ਇਸ ਉਪਰੰਤ ਪਲਾਟ ਨੂੰ ਸੰਜੀਵ ਕਾਲੀਆ ਨੂੰ ਆਪਣੇ ਨਿੱਜੀ ਮੁਫਾਦ ਲਈ ਮੁਖਤਾਰੇਆਮ ਦੀਪਕ ਦੇ ਆਧਾਰ ’ਤੇ 94.5 ਏਕੜ ਸਕੀਮ ਵਿੱਚ ਆਪਣੇ ਰਿਹਾਇਸ਼ੀ ਮਕਾਨ ਨੰਬਰ 277 ਦੇ ਨਾਲ ਲੱਗਦਾ ਪਲਾਟ ਨੰਬਰ 276 (ਪੱਤਰ ਨੰਬਰ 1202 ਮਿਤੀ 28.10.2011) ਰਾਹੀਂ ਸੋਹਨ ਦੇਈ ਦੇ ਨਾਮ ਉੱਤੇ ਅਲਾਟ ਕਰਵਾ ਦਿੱਤਾ। ਇਸ ਪਲਾਟ ਦੀ ਉਕਤ ਵਿਸ਼ੇਸ਼ ਕੋਟੇ ਮੁਤਾਬਕ ਬਣਦੀ ਰਿਜ਼ਰਵ ਕੀਮਤ 31883 ਰੁਪਏ ਟਰੱਸਟ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ। ਸੋਹਨ ਦੇਈ ਦੇ ਨਾਮ ਪਰ ਇਸ ਪਲਾਟ ਦਾ ਬੈਅਨਾਮਾ 9532 ਮਿਤੀ 22.12.2011 ਰਾਹੀਂ ਕਰਵਾਉਣ ਉਪਰੰਤ ਪਲਾਟ ਨੰਬਰ 276 ਦਾ ਐਨ.ਡੀ.ਸੀ. ਪੱਤਰ ਨੰਬਰ 3965 ਮਿਤੀ 05.03.2012 ਰਾਹੀਂ ਹਾਸਲ ਕਰ ਲਿਆ। ਸੰਜੀਵ ਕਾਲੀਆ ਖਿਲਾਫ਼ ਧਾਰਾ 420, 409 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਏ ਸਮੇਤ 13 (2) ਤਹਿਤ ਥਾਣਾ ਵਿਜੀਲੈਂਸ ਬਿਉਰੋ, ਰੇਂਜ ਜਲੰਧਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਸੰਜੀਵ ਕਾਲੀਆ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।