ਹਤਿੰਦਰ ਮਹਿਤਾਜਲੰਧਰ, 11 ਜਨਵਰੀਕਾਰੋਬਾਰੀ ਅਤੇ ਪਹਿਲੀ ਵਾਰ ’ਆਪ’ ਦੇ ਬਣੇ ਕੌਂਸਲਰ ਵਿਨੀਤ ਧੀਰ ਅੱਜ ਇੱਥੇ ਰੈੱਡ ਕਰਾਸ ਭਵਨ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਜਲੰਧਰ ਦੇ ਸੱਤਵੇਂ ਮੇਅਰ ਚੁਣੇ ਗਏ। ਬਲਬੀਰ ਬਿੱਟੂ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਮਲਕੀਅਤ ਸੁਭਾਨਾ ਨੂੰ ਡਿਪਟੀ ਮੇਅਰ ਚੁਣਿਆ ਗਿਆ। ਧੀਰ ਪਾਰਟੀ ਦਾ ਹਿੰਦੂ ਚਿਹਰਾ ਹੈ, ਬਲਬੀਰ ਬਿੱਟੂ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ ਜਦਕਿ ਮਲਕੀਅਤ ਸਿੰਘ ਐੱਸਸੀ ਭਾਈਚਾਰੇ ਨਾਲ ਸਬੰਧਿਤ ਹੈ। ਪਾਰਟੀ ਨੇ ਤਿੰਨ ਵੱਖ-ਵੱਖ ਸ਼ਹਿਰੀ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਨੂੰ ਵੀ ਪ੍ਰਤੀਨਿਧਤਾ ਦਿੱਤੀ ਹੈ।ਧੀਰ ਜਲੰਧਰ ਪੱਛਮੀ ਦੇ ਵਾਰਡ 62, ਬਲਬੀਰ ਬਿੱਟੂ ਜਲੰਧਰ ਸੈਂਟਰਲ ਦੇ ਵਾਰਡ 10 ਅਤੇ ਮਲਕੀਅਤ ਸੁਭਾਨਾ ਜਲੰਧਰ ਛਾਉਣੀ ਦੇ ਵਾਰਡ 38 ਤੋਂ ਕੌਂਸਲਰ ਹਨ। ਧੀਰ ਪਹਿਲਾਂ ਭਾਜਪਾ ਆਗੂ ਰਹਿ ਚੁੱਕੇ ਹਨ। ਉਹ 2022 ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨਾਲ ਮੁੜ ਭਾਜਪਾ ਵਿੱਚ ਸ਼ਾਮਲ ਹੋਣ ਲਈ ਮਾਰਚ 2024 ਵਿੱਚ ਪਾਰਟੀ ਛੱਡ ਦਿੱਤੀ ਸੀ ਪਰ ਉਹ ਐੱਮਸੀ ਚੋਣਾਂ ਤੋਂ ਪਹਿਲਾਂ ’ਆਪ’ ਵਿੱਚ ਮੁੜ ਦਾਖਲ ਹੋ ਗਏ ਸਨ। ਬਲਬੀਰ ਬਿੱਟੂ, ਜੋ ਪਹਿਲਾਂ ਅਕਾਲੀ ਦਲ ਨਾਲ ਸਨ, ਤਿੰਨ ਵਾਰ ਕੌਂਸਲਰ ਰਹਿ ਚੁੱਕੇ ਹਨ। ਮਲਕੀਤ ਇਸ ਤੋਂ ਪਹਿਲਾਂ ਪਿੰਡ ਸੁਭਾਨਾ ਦੇ ਅਕਾਲੀ ਸਰਪੰਚ ਰਹਿ ਚੁੱਕੇ ਹਨ। ਪਿੰਡ ਨੂੰ ਕੁਝ ਸਾਲ ਪਹਿਲਾਂ ਸ਼ਹਿਰ ਦੀ ਹੱਦ ਵਿੱਚ ਸ਼ਾਮਲ ਕੀਤਾ ਗਿਆ ਸੀ। ਰੈੱਡ ਕਰਾਸ ਭਵਨ ਵਿੱਚ ਹੋਈਆਂ 85 ਕੌਂਸਲਰਾਂ ਲਈ ਚੋਣਾਂ ਅਤੇ ਸਹੁੰ ਚੁੱਕਣ ਦੀ ਪ੍ਰਕਿਰਿਆ ਤੋਂ ਪਹਿਲਾਂ, ਪਾਰਟੀ ਨੇ ਆਪਣੇ ਸਾਰੇ 46 ਕੌਂਸਲਰਾਂ (38 ਚੁਣੇ ਹੋਏ ਅਤੇ ਅੱਠ ਨਵੇਂ ਸ਼ਾਮਲ ਹੋਏ) ਦੀ ਅਸੈਂਬਲੀ ਕੀਤੀ। ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਨਾਲ ਮੀਟਿੰਗ ਕੀਤੀ।ਇੱਥੋਂ ਦੇ ਨਵੇਂ ਚੁਣੇ ਗਏ ਮੇਅਰ ਵਿਨੀਤ ਧੀਰ ਸਮੇਤ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਨੇ ਸ਼ਨਿੱਚਰਵਾਰ ਨੂੰ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਦੀ ਮੌਜੂਦਗੀ ਵਿੱਚ ਰਸਮੀ ਤੌਰ ’ਤੇ ਨਗਰ ਨਿਗਮ ਜਲੰਧਰ ਵਿੱਚ ਆਪਣੇ ਅਹੁਦੇ ਸੰਭਾਲ ਲਏ ਹਨ। ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ, ਹਲਕਾ ਵਿਧਾਇਕ ਰਮਨ ਅਰੋੜਾ, ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਰਾਜਵੀਰ ਸਿੰਘ ਅਤੇ ਆਪ ਆਗੂ ਰਾਜਵਿੰਦਰ ਕੌਰ ਥਿਆੜਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ। ਕੈਬਨਿਟ ਮੰਤਰੀਆਂ ਨੇ ਵਿਨੀਤ ਧੀਰ ਨੂੰ ਮੂੰਹ ਮਿੱਠਾ ਕਰਵਾ ਕੇ ਮੇਅਰ ਦੀ ਕੁਰਸੀ ’ਤੇ ਬਿਠਾਇਆ ਅਤੇ ਮੁਬਾਰਕਬਾਦ ਦਿੱਤੀ। ਅਹੁਦਾ ਸੰਭਾਲਣ ਉਪਰੰਤ ਮੇਅਰ ਵਿਨੀਤ ਧੀਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਵਿਧਾਇਕ ਬਲਕਾਰ ਸਿੰਘ, ਅਮਨ ਅਰੋੜਾ, ਕਾਂਗਰਸੀ ਵਿਧਾਇਕ ਪਰਗਟ ਸਿੰਘ, ਬਾਵਾ ਹੈਨਰੀ ਅਤੇ ਸੁਖਵਿੰਦਰ ਕੋਟਲੀ ਵੀ ਹਾਜ਼ਰ ਸਨ।