ਜਲੰਧਰ ’ਚ ਸ਼ਨੀ ਦੇਵ ਦੀ ਮੂਰਤੀ ਤੋੜੀ
ਹਤਿੰਦਰ ਮਹਿਤਾ
ਜਲੰਧਰ, 9 ਅਪਰੈਲ
ਇੱਥੇ ਸੋਢਲ ਰੋਡ ’ਤੇ ਥਾਪਰਾ ਗਾਰਡਨ ਵਿੱਚ ਸਥਿਤ ਸ਼ਨੀ ਦੇਵ ਦੀ ਮੂਰਤੀ ਦੀ ਅੱਜ ਸਵੇਰੇ ਭੰਨ-ਤੋੜ ਕੀਤੀ ਗਈ। ਮੁਲਜ਼ਮ ਨੇ ਮੰਦਰ ਦੇ ਪੁਜਾਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਵੀ ਹਮਲਾ ਕੀਤਾ। ਇਸ ਬਾਰੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀ ਜਾਂਚ ਲਈ ਘਟਨਾ ਸਥਾਨ ’ਤੇ ਪਹੁੰਚੇ। ਇਸ ਘਟਨਾ ਮਗਰੋਂ ਉੱਥੇ ਇਕੱਠੇ ਹੋਏ ਲੋਕਾਂ ਨੇ ਗੁੱਸੇ ਦਾ ਪ੍ਰਗਟਾਵਾ ਕੀਤਾ। ਪੁਲੀਸ ਨੇ ਘਟਨਾ ਦੀ ਜਾਂਚ ਕਰਦਿਆਂ ਕੁਝ ਸਮੇਂ ਬਾਅਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਬਹਾਦਰ (34) ਵਜੋਂ ਹੋਈ ਹੈ, ਉਹ ਜਲੰਧਰ ਦਾ ਰਹਿਣ ਵਾਲਾ ਹੈ। ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੇ ਸ਼ਨੀ ਦੇਵ ਦੀ ਮੂਰਤੀ ਦੇ ਇੱਕ ਹਿੱਸੇ ਨੂੰ ਤੋੜ ਦਿੱਤਾ। ਇਸ ਕਾਰਨ ਮੂਰਤੀ ਦਾ ਉੱਪਰ ਵਾਲਾ ਹਿੱਸਾ ਹੇਠਾਂ ਡਿੱਗ ਗਿਆ। ਇਸ ਘਟਨਾ ਬਾਰੇ ਮੰਦਰ ਦੇ ਪੁਜਾਰੀ ਨੇ ਪੁਲੀਸ ਨੂੰ ਦੱਸਿਆ ਕਿ ਅੱਜ ਸਵੇਰੇ ਅਣਪਛਾਤਾ ਵਿਅਕਤੀ ਮੰਦਰ ਵਿੱਚ ਦਾਖ਼ਲ ਹੋਇਆ ਸੀ। ਉਹ ਜਿਵੇਂ ਹੀ ਮੰਦਰ ਵਿੱਚ ਦਾਖ਼ਲ ਹੋਇਆ, ਉਸ ਨੇ ਇੱਥੇ ਇਤਰਾਜ਼ਯੋਗ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਵਿਅਕਤੀ ਨੇ ਅੰਦਰ ਆ ਕੇ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ। ਪੁਜਾਰੀ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਜਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਸ਼ਨੀ ਦੇਵ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਇਸ ਬਾਰੇ ਪਤਾ ਲੱਗਦਿਆਂ ਹੀ ਲੋਕਾਂ ਨੇ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਨੂੰ ਸੂਚਨਾ ਦਿੱਤੀ।