ਜਮਹੂਰੀ ਕਿਸਾਨ ਸਭਾ ਵੱਲੋਂ ਡੀਸੀ ਨੂੰ ਪੱਤਰ
ਖੇਤਰੀ ਪ੍ਰਤੀਨਿਧ
ਪਟਿਆਲਾ, 20 ਦਸੰਬਰ
ਫਸਲ ਦੀ ਖਰੀਦ ਮੌਕੇ ਲੱਗੇ ਕੱਟ ਨੂੰ ਵਾਪਸ ਕਰਵਾਉਣ, ਨਵੀ ਨੈਸ਼ਨਲ ਪਾਲਸੀ ਆਨ ਐਗਰੀਕਲਚਰ ਮਾਰਕੀਟਿੰਗ ਨੂੰ ਰੱਦ ਕਰਵਾਉਣ, ਪੰਜਾਬ ਦੇ ਦਰਿਆਵਾ ਅਤੇ ਧਰਤੀ ਨੂੰ ਪ੍ਰਦੂਸ਼ਤ ਹੋਣ ਤੋ ਬਚਾਉਣ ਅਤੇ ਕਣਕ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਦੇ ਉਪਾਅ ਲਈ 20 ਦਸੰਬਰ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦੇ ਫ਼ੈਸਲੇ ਨੂੰ ਅਮਲੀ ਰੂਪ ਦੇਣ ਲਈ ਅੱਜ ਜਮਹੂਰੀ ਕਿਸਾਨ ਸਭਾ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਦਰਸ਼ਨ ਸਿੰਘ ਬੇਲੂਮਾਜਰਾ, ਧੰਨਾ ਸਿੰਘ ਦੌਣਕਲਾਂ, ਰਾਜ ਕਿਸ਼ਨ ਨੂਰਖੇੜੀਆਂ ਤੇ ਕੌਰ ਸਿੰਘ ਕੋਟਖੁਰਦ ਦੀ ਅਗਵਾਈ ਹੇਠਾਂ ਦਿੱਤੇ ਗਏ ਇਸ ਮੰਗ ਪੱਤਰ ਦੌਰਾਨ ਮੰਗ ਕੀਤੀ ਗਈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਫੌਰੀ ਹੱਲ ਕਰੇ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਦਿੱਲੀ ਜਾ ਰਹੇ ਕਿਸਾਨਾਂ ’ਤੇ ਵਾਰ-ਵਾਰ ਤਸ਼ੱਦਦ ਕਰਕੇ ਸਰਕਾਰਾਂ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਆਂ ਹਨ, ਜਿਸ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਮੁੱਚੇ ਭਾਰਤ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਰੋਸ ਧਰਨੇ ਦਿੱਤੇ ਜਾਣਗੇ। ਇਸ ਮੌਕੇ ਕਰਮ ਸਿੰਘ, ਇਕਬਾਲ ਸਿੰਘ, ਭਜਨ ਸਿੰਘ, ਰੂਪ ਸਿੰਘ, ਚਮਕੌਰ ਸਿੰਘ, ਪਰਮਵੀਰ ਸਿੰਘ ਤੇ ਬੀਰੂ ਰਾਮ ਹਾਜ਼ਰ ਹੋਏ।