ਜਮਹੂਰੀ ਅਧਿਕਾਰ ਸਭਾ ਦਾ ਵਫ਼ਦ ਏਡੀਸੀ ਤੇ ਐੱਸਐੱਸਪੀ ਨੂੰ ਮਿਲਿਆ
ਸੰਗਰੂਰ, 28 ਮਈ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਦਾ ਵਫ਼ਦ ਸੂਬਾ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਮੰਡੀ ਕਲਾਂ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਵੱਖ-ਵੱਖ ਤੌਰ ’ਤੇ ਮਿਲਿਆ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਲੈਂਡ ਸੀਲਿੰਗ ਐਕਟ ਤਹਿਤ ਨਿਰਧਾਰਤ ਜ਼ਮੀਨ ਤੋਂ ਵਾਧੂ ਜ਼ਮੀਨ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿੱਚ ਵੰਡਣ ਦੀ ਮੰਗ ਲਈ ਕੀਤੇ ਜਾ ਰਹੇ ਸੰਘਰਸ਼ ਪ੍ਰਤੀ ਸਰਕਾਰ ਵੱਲੋਂ ਅਪਣਾਏ ਗੈਰ-ਜਮਹੂਰੀ ਅਤੇ ਜਾਬਰ ਰਵੱਈਏ ਖ਼ਿਲਾਫ਼ ਰੋਸ ਪ੍ਰਗਟਾਇਆ।
ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੁਟਾਲ ਅਤੇ ਸਕੱਤਰ ਕੁਲਦੀਪ ਸਿੰਘ ਨੇ ਜੇਲ੍ਹਾਂ ਵਿੱਚ ਬੰਦ ਮਜ਼ਦੂਰਾਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਤੇ ਛਾਪੇ ਮਾਰਨੇ ਬੰਦ ਕਰਨ ਦੀ ਮੰਗ ਕੀਤੀ। ਆਗੂਆਂ ਅਨੁਸਾਰ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਕਿ ਜੇਲ੍ਹਾਂ ਵਿੱਚ ਬੰਦ ਸਾਰੇ ਮਜ਼ਦੂਰਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਹੁਣ ਕਿਸੇ ਵੀ ਕਿਸਮ ਦੀ ਛਾਪਾਮਾਰੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਜੇਲ੍ਹਾਂ ਵਿੱਚ ਹੋਏ ਵਿਵਹਾਰ ਤੋਂ ਅਗਿਆਨਤਾ ਪ੍ਰਗਟਾਉਂਦਿਆਂ ਇਸ ਦੀ ਪੜਤਾਲ ਕਰਨ ਦਾ ਵਾਅਦਾ ਵੀ ਕੀਤਾ। ਵਫ਼ਦ ਵਿੱਚ ਬਲਵੀਰ ਸਿੰਘ ਲੌਂਗੋਵਾਲ, ਦਰਸ਼ਨ ਸਿੰਘ ਕੁਨਰਾਂ, ਲਖਵੀਰ ਲੌਂਗੋਵਾਲ, ਲਾਲ ਚੰਦ ਅਤੇ ਗੁਰਜੰਟ ਸਿੰਘ ਬਡਰੁੱਖਾਂ ਸ਼ਾਮਲ ਸਨ।