ਜਬਰੀ ਵਸੂਲੀ: ਐੱਨਆਈਏ ਵੱਲੋਂ ਤਿੰਨ ਨਕਸਲੀਆਂ ਖ਼ਿਲਾਫ਼ ਦੋਸ਼ ਪੱਤਰ ਦਾਖਲ
ਨਵੀਂ ਦਿੱਲੀ, 31 ਮਈ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਝਾਰਖੰਡ ’ਚ ਤਿੰਨ ਨਕਸਲੀਆਂ ਖ਼ਿਲਾਫ਼ ਪਾਬੰਦੀਸ਼ੁਦਾ ਸੰਗਠਨ ਲਈ ਲੋਕਾਂ ਨੂੰ ਕਥਿਤ ਤੌਰ ’ਤੇ ਭਰਤੀ ਲਈ ਮਜਬੂਰ ਕਰਨ ਤੇ ਜਬਰੀ ਵਸੂਲੀ ’ਚ ਸ਼ਮੂਲੀਅਤ ਲਈ ਦੋਸ਼ ਪੱਤਰ ਦਾਇਰ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਝਾਰਖੰਡ ਦੇ ਰਾਂਚੀ ਵਿੱਚ ਵਿਸ਼ੇਸ਼ ਅਦਾਲਤ ਸਾਹਮਣੇ ਸ਼ੁੱਕਰਵਾਰ ਨੂੰ ਦਾਇਰ ਸਪਲੀਮੈਂਟਰੀ ਚਾਰਜਸ਼ੀਟ ’ਚ ਐੱਨਆਈਏ ਨੇ ਕ੍ਰਿਸ਼ਨ ਹੰਸਦਾ ਉਰਫ਼ ਸੌਰਵ ਦਾ ਉਰਫ਼ ਅਵਿਨਾਸ਼ ਦਾ, ਅਭਿਜੀਤ ਕੋਰਾ ਉਰਫ਼ ਮਤਲਾ ਕੋਰਾ ਉਰਫ਼ ਸੁਨੀਲ ਕੋਰਾ ਅਤੇ ਰਾਮਦਿਆਲ ਮਹਿਤੋ ਉਰਫ਼ ਨੀਲੇਸ਼ ਦਾ ਉਰਫ਼ ਬੱਚਨ ਦਾ ’ਤੇ 2023 ’ਚ ਸੀਪੀਆਈ (ਮਾਓਵਾਦੀ) ਅਤਿਵਾਦੀ ਸਾਜ਼ਿਸ਼ ਕੇਸ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ।
ਉਨ੍ਹਾਂ ਮੁਤਾਬਕ ਹੰਸਦਾ ਪਾਬੰਦੀਸ਼ੁਦਾ ਸੰਗਠਨ ਸੀਪੀਆਈ (ਮਾਓਵਾਦੀ) ਦਾ ਖੇਤਰੀ ਕਮੇਟੀ ਮੈਂਬਰ ਸੀ, ਕੋਰਾ ਇਸ ਦਾ ਹਥਿਆਰਬੰਦ ਕਾਰਕੁਨ ਤੇ ਮਹਿਤੋ ਵਿਸ਼ੇਸ਼ ਖੇਤਰ ਕਮੇਟੀ ਦਾ ਮੈਂਬਰ ਸੀ। ਜਾਂਚ ਏਜੰਸੀ ਨੇ ਬਿਆਨ ’ਚ ਕਿਹਾ ਕਿ ਕੋਰਾ ਬਿਹਾਰ ਦਾ ਰਹਿਣ ਵਾਲਾ ਹੈ ਜਦਕਿ ਬਾਕੀ ਦੋਵੇਂ ਝਾਰਖੰਡ ਦੇ ਹਨ। ਬਿਆਨ ਮੁਤਾਬਕ, ‘‘ਇਹ ਤਿੰਨੇ ਪਾਬੰਦੀਸ਼ੁਦਾ ਨਕਸਲੀ ਸੰਗਠਨ ਦੇ ਸਰਗਰਮ ਮੈਂਬਰ ਸਨ ਤੇ ਝਾਰਖੰਡ ਦੇ ਗਿਰਡੀਹ ਜ਼ਿਲ੍ਹੇ ਦੇ ਪਾਰਸਨਾਥ ਇਲਾਕੇ ’ਚ ਵਸੂਲੀ, ਧਮਕਾਉਣ ਤੇ ਜਬਰੀ ਭਰਤੀ ਨਾਲ ਸਬੰਧਤ ਇਸ ਵੱਡੀ ਸਾਜ਼ਿਸ਼ ਦਾ ਹਿੱਸਾ ਸਨ।’’ ਜਨਵਰੀ 2023 ’ਚ ਗਿਰਦੀਹ ਜ਼ਿਲ੍ਹੇ ਦੇ ਦੁਮਰੀ ਥਾਣੇ ਅਧੀਨ ਲੂਸੀਓ ਜੰਗਲੀ ਇਲਾਕੇ ’ਚੋਂ ਕ੍ਰਿਸ਼ਨ ਹੰਸਦਾ ਦੀ ਗ੍ਰਿਫ਼ਤਾਰੀ ਨਾਲ ਉਸ ਦੀ ਭੂਮਿਕਾ ਦਾ ਪਤਾ ਲੱਗਾ ਸੀ। ਐੱਨਆਈਏ ਨੇ ਕਿਹਾ, ‘ਸਥਾਨਕ ਪੁਲੀਸ ਨੇ ਉਸ ਤੋਂ ਜਬਰੀ ਵਸੂਲੀ ਦੀ ਰਕਮ, 7.65 ਐੱਮਐੱਮ ਬੋਰ ਦੀ ਇੱਕ ਪਿਸਤੌਲ ਤੇ ਕਈ ਦਸਤਾਵੇਜ਼ ਬਰਾਮਦ ਕੀਤੇ ਸਨ।’ ਜ਼ਬਤੀ ਮਗਰੋਂ ਪੁਲੀਸ ਨੇ ਹੰਸਦਾ, ਕੋਰਾ, ਮਹਿਤੋ ਤੇ ਕਈ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਤੇ ਹੰਸਦਾ ਖ਼ਿਲਾਫ਼ ਦੋਸ਼ ਪੱਤਰ ਦਾਖਲ ਕੀਤਾ। -ਪੀਟੀਆਈ