ਜਦੋਂ ਸਲਮਾਨ ਨੂੰ ਦਿੱਤੀ ਸਲਾਹ ਅਨੁਰਾਗ ਲਈ ਮਹਿੰਗੀ ਪਈ
ਮੁੰਬਈ: ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਦੀਆਂ ਹਾਲ ਹੀ ਵਿਚ ਫਿਲਮ ‘ਆਲਮੋਸਟ ਪਿਆਰ ਵਿਦ ਡੀਜੇ ਮੁਹੱਬਤ’ ਰਿਲੀਜ਼ ਹੋਈ ਹੈ। ਉਨ੍ਹਾਂ ਇੰਟਰਵਿਊ ਦੌਰਾਨ ਇਕ ਪੁਰਾਣੀ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਇਕ ਵਾਰ ਸਲਮਾਨ ਖਾਨ ਨੂੰ ਸਲਾਹ ਦੇਣ ਕਾਰਨ ਉਸ ਨੂੰ ਫਿਲਮ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਲ 2002 ਵਿਚ ਉਸ ਨੂੰ ਫਿਲਮ ‘ਤੇਰੇ ਨਾਮ’ ਦੇ ਨਿਰਦੇਸ਼ਨ ਲਈ ਚੁਣਿਆ ਗਿਆ ਸੀ। ਉਸ ਨੇ ਫਿਲਮ ਦੇ ਹਿਸਾਬ ਨਾਲ ਸਲਮਾਨ ਨੂੰ ਕਿਹਾ ਕਿ ਉਹ ਆਪਣੀ ਛਾਤੀ ਦੇ ਵਾਲ ਸ਼ੇਵ ਨਾ ਕਰੇ ਕਿਉਂਕਿ ਇਸ ਫਿਲਮ ਵਿਚ ਸਲਮਾਨ ਨੇ ਉੱਤਰ ਪ੍ਰਦੇਸ਼ ਦੇ ਰਾਧੇ ਦਾ ਕਿਰਦਾਰ ਨਿਭਾਉਣਾ ਸੀ ਤੇ ਉੱਤਰ ਪ੍ਰਦੇਸ਼ ਵਿਚ ਨੌਜਵਾਨ ਦਿੱਖ ਦੇ ਮਾਮਲੇ ਵਿਚ ਬਹੁਤ ਦੇਸੀ ਹੋਣ ਵਜੋਂ ਜਾਂਦੇ ਹਨ ਪਰ ਸੁਪਰਸਟਾਰ ਹੋਣ ਦੇ ਨਾਤੇ ਸਲਮਾਨ, ਅਨੁਰਾਗ ਦੇ ਵਿਚਾਰ ਨਾਲ ਸਹਿਮਤ ਨਹੀਂ ਸਨ ਤੇ ਇਹ ਸਲਾਹ ਦੇਣੀ ਬਹੁਤ ਮਹਿੰਗੀ ਪਈ। ਫਿਲਮ ਦੇ ਨਿਰਮਾਤਾ ਨੂੰ ਇਹ ਪਤਾ ਲੱਗਾ ਕਿ ਅਨੁਰਾਗ ਨੇ ਸਲਮਾਨ ਨੂੰ ਆਪਣੀ ਛਾਤੀ ਦੀ ਸ਼ੇਵ ਨਾ ਕਰਨ ਲਈ ਕਿਹਾ ਹੈ ਤਾਂ ਉਨ੍ਹਾਂ ਅਨੁਰਾਗ ਨੂੰ ਗੈਰ ਰਸਮੀ ਤੌਰ ‘ਤੇ ਫਿਲਮ ਤੋਂ ਬਾਹਰ ਕਰ ਦਿੱਤਾ। ਇਸ ਗੱਲ ਦਾ ਅਨੁਰਾਗ ਨੂੰ ਕੋਈ ਗੁੱਸਾ ਨਹੀਂ ਹੈ। ਉਸ ਨੇ ਯੂਟਿਊਬਰ ਸਮਦੀਸ਼ ਭਾਟੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਲਮਾਨ ਦੀਆਂ ‘ਸੁਲਤਾਨ’, ‘ਬਜਰੰਗੀ ਭਾਈਜਾਨ’ ਅਤੇ ‘ਦਬੰਗ’ ਵਰਗੀਆਂ ਫਿਲਮਾਂ ਦਾ ਦੀਵਾਨਾ ਹੈ। ਅਨੁਰਾਗ ਨੇ ਸ਼ਾਹਰੁਖ ਖਾਨ ਬਾਰੇ ਗੱਲ ਕਰਦਿਆਂ ਖੁਲਾਸਾ ਕੀਤਾ, ‘ਫਿਲਮ ‘ਪਠਾਨ’ ਦਾ ਸਟਾਰ ਮੇਰੇ ਕਾਲਜ ਵਿਚ ਸੀਨੀਅਰ ਸੀ। ਸ਼ਾਹਰੁਖ ਮੈਨੂੰ ਜਦੋਂ ਵੀ ਫੋਨ ਕਰਦੇ ਹਨ ਤਾਂ ਮੈਂ ਉਨ੍ਹਾਂ ਦੀ ਕਾਲ ਖੜ੍ਹਾ ਹੋ ਕੇ ਸੁਣਦਾ ਹਾਂ। ਉਹ ਮੇਰੇ ਲਈ ਇੱਕ ਵੱਡੇ ਭਰਾ ਵਾਂਗ ਹਨ। ਸ਼ਾਹਰੁਖ ਮੈਨੂੰ ਜੋ ਵੀ ਸਲਾਹ ਦਿੰਦੇ ਹਨ ਮੈਂ ਉਸ ਨੂੰ ਖਿੜ੍ਹੇ ਮੱਥੇ ਸਵੀਕਾਰ ਕਰਦਾਂ ਹਾਂ।’ -ਆਈਏਐੱਨਐੱਸ