ਜਦੋਂ ਬੌਲੀਵੁੱਡ ਦੇ ਬਾਦਸ਼ਾਹ ਨੂੰ ਕਹਿਣਾ ਪਿਆ ਮੈਂ ਹਾਂ ਸ਼ਾਹਰੁਖ ......
ਨਵੀਂ ਦਿੱਲੀ, 6 ਮਈ
ਮੈੱਟ ਗਾਲਾ-2025 ਵਿੱੱਚ ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਫੈਸ਼ਨ ਡਿਜ਼ਾਈਨਰ ਸਬਯਸਾਚੀ ਵੱਲੋਂ ਤਿਆਰ ਕੀਤੇ ਕਾਲੇ ਰੰਗ ਦੇ ਕੱਪੜੇ ਪਾ ਕੇ ਪੁੱਜਿਆ ਸੀ। ਅਦਾਕਾਰ ਨੇ ਆਪਣੇ ਗਲੇ ਵਿੱਚ ਕ੍ਰਿਸਟਲ ਚੇਨ ਵੀ ਪਾਈ ਹੋਈ ਸੀ। ਸ਼ਾਹਰੁਖ਼ ਦੁਨੀਆਂ ਭਰ ਵਿੱਚ ਪਸੰਦ ਕੀਤੇ ਜਾਣ ਵਾਲੇ ਭਾਰਤੀ ਅਦਾਕਾਰਾਂ ’ਚੋਂ ਇੱਕ ਹੈ। ਉਸ ਦਾ ਬਾਹਵਾਂ ਖੋਲ੍ਹ ਕੇ ਦਿੱਤੇ ਜਾਣ ਵਾਲਾ ਪੋਜ਼ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਸ ਦੌਰਾਨ ਜਦੋਂ ਅਦਾਕਾਰ ਨੂੰ ਮੀਡੀਆ ਵੱਲੋਂ ਖ਼ੁਦ ਦੀ ਪਛਾਣ ਜ਼ਾਹਰ ਕਰਨ ਲਈ ਕਿਹਾ ਕਿ ਗਿਆ ਤਾਂ 59 ਸਾਲਾ ਅਦਾਕਾਰ ਨੇ ਕਿਹਾ, ‘‘ਮੈਂ ਸ਼ਾਹਰੁਖ਼।’’ ਇਸ ਦੇ ਤੁਰੰਤ ਮਗਰੋਂ ਉਸ ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਇਆ। ਇਸ ’ਤੇ ਵੱਡੀ ਗਿਣਤੀ ਲੋਕਾਂ ਨੇ ਅਦਾਕਾਰ ਦੀ ਹਲੀਮੀ ਦੀ ਸ਼ਲਾਘਾ ਕੀਤੀ ਹੈ ਜਦੋਂਕਿ ਕੁਝ ਨੇ ਕੌਮਾਂਤਰੀ ਮੀਡੀਆ ਵੱਲੋਂ ਅਦਾਕਾਰ ਨੂੰ ਅਣਗੌਲਿਆਂ ਕਰਨ ਦੀ ਨਿਖੇਧੀ ਕੀਤੀ ਹੈ।
ਇਸ ਦੌਰਾਨ ਅਦਾਕਾਰ ਨੇ ਆਪਣੇ ਗਲੇ ’ਚ ਅੰਗਰੇਜ਼ੀ ਦੇ ‘ਕੇ’ ਅੱਖਰ ਵਾਲਾ ਪੈਂਡੈਂਟ ਪਾਇਆ ਹੋਇਆ ਸੀ। ਇਸ ਸਾਲ ਮੈੱਟ ਗਾਲਾ ਦਾ ਵਿਸ਼ਾ ‘ਸੁਪਰਫਾਈਨ: ਟੇਲਰਿੰਗ ਬਲੈਕ ਸਟਾਈਲ’ ਹੈ। ਇਸ ਸ਼ੋਅ ਦੌਰਾਨ ਅਦਾਕਾਰ ਦੀ ਸ਼ਮੂਲੀਅਤ ਭਾਰਤੀ ਦਰਸ਼ਕਾਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਰਹੀ। ਵੱਡੀ ਗਿਣਤੀ ਲੋਕਾਂ ਨੂੰ ਇਹ ਉਮੀਦ ਨਹੀਂ ਸੀ ਕਿ ਇਸ ਪ੍ਰੋਗਰਾਮ ਦੌਰਾਨ ਸ਼ਾਹਰੁਖ਼ ਨੂੰ ਆਪਣੀ ਪਛਾਣ ਦੱਸਣੀ ਪਵੇਗੀ। ਸੋਸ਼ਲ ਮੀਡੀਆ ’ਤੇ ਉਸ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ ਅਦਾਕਾਰ ਨੂੰ ਅਜਿਹੇ ਕੌਮਾਂਤਰੀ ਪ੍ਰੋਗਰਾਮਾਂ ਵਿੱਚ ਸ਼ਿਰਕਤ ਨਹੀਂ ਕਰਨੀ ਚਾਹੀਦੀ। -ਪੀਟੀਆਈ