ਜਥੇਦਾਰ ਗੜਗੱਜ ਵੱਲੋਂ ਭਾਈ ਮੰਡ ਨਾਲ ਮੁਲਾਕਾਤ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਮਈ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅਚਨਚੇਤੀ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨਾਲ ਉਨ੍ਹਾਂ ਦੀ ਫ਼ਿਰੋਜ਼ਪੁਰ ਸਥਿਤ ਰਿਹਾਇਸ਼ ’ਤੇ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ ਹੈ। ਜਥੇਦਾਰ ਮੰਡ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਜਥੇਦਾਰ ਗੜਗੱਜ ਦੀਆਂ ਜਥੇਦਾਰ ਮੰਡ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਜਥੇਦਾਰ ਗੁੜਗੱਜ ਅੱਜ ਉਸ ਇਲਾਕੇ ਵਿੱਚ ਧਰਮ ਪ੍ਰਚਾਰ ਮੁਹਿੰਮ ਤਹਿਤ ਗਏ ਸਨ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਜਥੇਦਾਰ ਮੰਡ ਦੀ ਸਿਹਤ ਢਿੱਲੀ ਹੋਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਜਥੇਦਾਰ ਮੰਡ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਮਗਰੋਂ ਸਿਹਤ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਘਰ ਪੁੱਜ ਗਏ। ਉਨ੍ਹਾਂ ਕਿਹਾ ਕਿ ਜਥੇਦਾਰ ਮੰਡ ਸਿੱਖ ਕੌਮ ਦੇ ਸੰਘਰਸ਼ੀ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਤਿੰਨ ਭਰਾ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਨ।
ਉਨ੍ਹਾਂ ਹਾਲ ਹੀ ਵਿੱਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਹੋਰ ਕਈ ਸਿੱਖਾਂ ਨੂੰ ਅਕਾਲ ਤਖ਼ਤ ਦੇ ਫਸੀਲ ਤੋਂ ਮੁਆਫ਼ੀ ਦਿੰਦਿਆਂ ਪੰਥ ਵਿੱਚ ਵਾਪਸੀ ਕਰਵਾਈ ਹੈ। ਉਹ ਸਮੁੱਚੀ ਸਿੱਖ ਕੌਮ ਨੂੰ ਇੱਕ ਮੰਚ ’ਤੇ ਲਿਆਉਣ ਦੇ ਹਾਮੀ ਹਨ। ਦੱਸਣਯੋਗ ਹੈ ਕਿ ਨਵੰਬਰ 2015 ਵਿੱਚ ਪਿੰਡ ਚੱਬਾ ਵਿੱਚ ਹੋਏ ਸਰਬੱਤ ਖ਼ਾਲਸਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ਵੱਲੋਂ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ। ਜਥੇਦਾਰ ਮੰਡ ਉਸ ਵੇਲੇ ਤੋਂ ਹੀ ਮੁਤਵਾਜ਼ੀ ਜਥੇਦਾਰ ਵਜੋਂ ਹਰ ਗੁਰਪੁਰਬ ਅਤੇ ਤਿਉਹਾਰ ਸਮੇਂ ਬਤੌਰ ਕਾਰਜਕਾਰੀ ਜਥੇਦਾਰ ਸੰਦੇਸ਼ ਵੀ ਜਾਰੀ ਕਰਦੇ ਹਨ ਤੇ ਉਨ੍ਹਾਂ ਨੇ ਕਈ ਮਾਮਲੇ ਵੀ ਵਿਚਾਰੇ ਸਨ। ਇਨ੍ਹਾਂ ਵਿੱਚ ਬੇਅਦਬੀ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਤਲਬ ਕਰਨਾ ਵੀ ਸ਼ਾਮਲ ਸੀ।