ਜਤਿੰਦਰ ਭੱਲਾ ਜ਼ਿਲ੍ਹਾ ਪ੍ਰਧਾਨ ਨਿਯੁਕਤ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 31 ਮਈ
ਆਮ ਆਦਮੀ ਪਾਰਟੀ ਨੇ ਨੌਜਵਾਨ ਆਗੂ ਜਤਿੰਦਰ ਭੱਲਾ ਨੂੰ ਅੱਜ ਬਠਿੰਡਾ ਜ਼ਿਲ੍ਹੇ ਦਾ ਪ੍ਰਧਾਨ ਥਾਪ ਕੇ ਮਜ਼ਬੂਤ ਤੇ ਭਰੋਸੇਯੋਗ ਲੀਡਰ ਵਜੋਂ ਮਾਨਤਾ ਦੇਣ ਦਾ ਸੁਨੇਹਾ ਦਿੱਤਾ ਹੈ। ਭੱਲਾ ਨੂੰ ਜਿੱਥੇ ਸਰਕਾਰ ਨੇ ਪਹਿਲਾਂ ਨਗਰ ਸੁਧਾਰ ਟਰੱਸਟ ਦਾ ਦੂਜੀ ਦਫ਼ਾ ਚੇਅਰਮੈਨ ਬਣਾਇਆ, ਉੱਥੇ ਹੀ ਹੁਣ ਉਸ ਨੂੰ ਦੁਬਾਰਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਬਣਾ ਕੇ ਛੇ ਵਿਧਾਨ ਸਭਾ ਹਲਕਿਆਂ ਦੀ ਜ਼ਿੰਮੇਵਾਰੀ ਸੌਂਪੀ ਹੈ। ਆਮ ਆਦਮੀ ਪਾਰਟੀ ਨੇ ਬਠਿੰਡਾ ਸ਼ਹਿਰੀ ਨੂੰ ਦਿਹਾਤੀ ਵਿੱਚ ਮਰਜ਼ ਕਰਕੇ ਹੁਣ ਇੱਕ ਹੀ ਜ਼ਿਲ੍ਹਾ ਪ੍ਰਧਾਨ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੇ ਇਹ ਫੈਸਲਾ ਜਤਿੰਦਰ ਭੱਲਾ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਕੀਤੀ ਜਾ ਰਹੀ ਮਿਹਨਤ ਨੂੰ ਦੇਖਦਿਆਂ ਕੀਤਾ ਹੈ। ਸ੍ਰੀ ਭੱਲਾ ਨੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਵਜੋਂ ਬਠਿੰਡਾ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਅਤੇ ਕਈ ਵੱਡੇ ਪ੍ਰਾਜੈਕਟ ਬਠਿੰਡਾ ਸ਼ਹਿਰ ਨੂੰ ਦਿੱਤੇ। ਭਾਵੇਂ ਜਤਿੰਦਰ ਭੱਲਾ ਨੂੰ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਨਹੀਂ ਦਿੱਤੀ ਗਈ ਸੀ, ਪਰ ਉਸ ਤੋਂ ਬਾਅਦ ਉਨਾਂ ਦੀ ਯੋਗਤਾ ਨੂੰ ਵੇਖਦਿਆਂ ਲਗਾਤਾਰ ਪਾਰਟੀ ਵੱਲੋਂ ਉਨ੍ਹਾਂ ਨੂੰ ਚੰਗੇ ਲੀਡਰ ਵਜੋਂ ਉਭਾਰਿਆ ਗਿਆ ਹੈ।