ਜਗਰਾਉਂ ਮੰਡੀ ਵਿੱਚ ਮੂੰਗੀ ਦੀ ਖ਼ਰੀਦ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਮਈ
ਪਿਛਲੇ ਕੁਝ ਸਾਲਾਂ ਵਿੱਚ ਮੂੰਗੀ ਦੀ ਹੱਬ ਬਣੀ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿੱਚ ਮੂੰਗੀ ਦੀ ਆਮਦ ਤੇਜ਼ ਹੋਣ ਨਾਲ ਅੱਜ ਖਰੀਦ ਵੀ ਸ਼ੁਰੂ ਹੋ ਗਈ। ਸਥਾਨਕ ਮੰਡੀ ਦੇ ਆੜ੍ਹਤੀ ਮਹਿੰਦਰ ਸਿੰਘ ਗਰੇਵਾਲ ਟਰੇਡਰਜ਼ ਦੀ ਦੁਕਾਨ ’ਤੇ ਆਈ 50 ਕੁਇੰਟਲ ਮੂੰਗੀ ਦਾ ਅੱਜ ਬੋਲੀ ਦੌਰਾਨ 7900 ਰੁਪਏ ਭਾਅ ਲੱਗਿਆ। ਇਹ ਮੂੰਗੀ ਬੇਟ ਇਲਾਕੇ ਦੇ ਪਿੰਡ ਤਿਹਾੜਾ ਤੋਂ ਕਿਸਾਨ ਕੰਵਲਜੀਤ ਸਿੰਘ ਲੈ ਕੇ ਆਇਆ ਸੀ। ਆਮ ਤੌਰ ’ਤੇ ਮੂੰਗੀ ਜ਼ਿਆਦਾਤਰ ਦਾਲ ਮਿੱਲ ਮਾਲਕ ਤੇ ਹੋਰ ਵਪਾਰੀਆਂ ਵਲੋਂ ਹੀ ਖਰੀਦੀ ਜਾਂਦੀ ਹੈ। ਅੱਜ ਵੀ ਇਹ ਖਰੀਦ ਪ੍ਰਾਈਵੇਟ ਹੋਈ ਜਿਸ ਦੌਰਾਨ 50 ਕੁਇੰਟਲ ਮੂੰਗੀ ਨੰਦ ਲਾਲ ਐਂਡ ਕੰਪਨੀ ਨੇ ਖਰੀਦੀ। ਮੂੰਗੀ ਦੀ ਬੋਲੀ ਸ਼ੁਰੂ ਕਰਵਾਉਣ ਮੌਕੇ ਆੜ੍ਹਤੀ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਤੋਂ ਇਲਾਵਾ ਆੜ੍ਹਤੀ ਜਤਿੰਦਰ ਸਿੰਘ ਸਰਾਂ, ਆਸ਼ੂ ਮਿੱਤਲ, ਜਗਸੀਰ ਸਿੰਘ ਕਲੇਰ, ਬੂਟਾ ਸਿੰਘ ਗਰੇਵਾਲ, ਮਨੀ ਮੰਗਲਾ, ਰਜਨੀਸ਼ ਕੁਮਾਰ, ਰਾਹੁਲ ਬਾਂਸਲ, ਰਜਤ ਬਾਂਸਲ, ਗੋਪਾਲ ਭਾਰਦਵਾਜ ਤੇ ਮਾਰਕੀਟ ਕਮੇਟੀ ਵਲੋਂ ਮਨਜਿੰਦਰ ਸਿੰਘ ਹਾਜ਼ਰ ਸਨ।