ਜਗਰਾਉਂ ਕੌਂਸਲ ਦੇ ਪ੍ਰਧਾਨ ਨੂੰ ਹਟਾਉਣ ਦੀ ਕੋਸ਼ਿਸ਼ ਮੁੜ ‘ਫੇਲ੍ਹ’
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 13 ਮਈ
ਹਾਕਮ ਧਿਰ ਦੇ ਸਥਾਨਕ ਆਗੂਆਂ ਤੇ ਪਾਲਾ ਬਦਲ ਗਏ ਕਾਂਗਰਸੀ ਕੌਂਸਲਰਾਂ ਨੂੰ ਉਦੋਂ ਝਟਕਾ ਲੱਗਾ ਜਦੋਂ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਅਹੁਦੇ ਤੋਂ ਹਟਾਉਣ ਦੀਆਂ ਉਨ੍ਹਾਂ ਦੀਆਂ ਉਮੀਦਾਂ ’ਤੇ ਸਥਾਨਕ ਸਰਕਾਰਾਂ ਵਿਭਾਗ ਨੇ ਪਾਣੀ ਫੇਰ ਦਿੱਤਾ। ਕਾਂਗਰਸ ਨਾਲ ਸਬੰਧਤ ਸਥਾਨਕ ਨਗਰ ਕੌਂਸਲ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਸਾਬਤ ਹੋਈ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਦੀ ਪ੍ਰਵਾਨਗੀ ਮਗਰੋਂ ਇਸ ਸਬੰਧੀ ਹੁਕਮ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਨੇ ਜਾਰੀ ਕੀਤੇ ਹਨ।
ਤਾਜ਼ਾ ਮਾਮਲਾ ਪੁਰਾਣੀ ਦਾਣਾ ਮੰਡੀ ਵਿਚਲੇ ਨਾਜਾਇਜ਼ ਕਬਜ਼ਿਆਂ ਨਾਲ ਜੁੜਿਆ ਹੋਇਆ ਹੈ। ਚਰਨਜੀਤ ਸਿੰਘ ਵਾਸੀ ਸੁਭਾਸ਼ ਗੇਟ ਦੀ ਸ਼ਿਕਾਇਤ ਦੇ ਆਧਾਰ ’ਤੇ ਪ੍ਰਧਾਨ ਦੇ ਵਿਰੋਧੀਆਂ ਤੇ ਹਾਕਮ ਧਿਰ ਨਾਲ ਸਬੰਧਤ ਆਗੂਆਂ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਸ਼ਿਕਾਇਤ ਵਿੱਚ ਪ੍ਰਧਾਨ ਰਾਣਾ ’ਤੇ ਸ਼ਕਤੀਆਂ ਦੀ ਗਲਤ ਵਰਤੋਂ ਕਰਦੇ ਹੋਏ ਪੁਰਾਣੀ ਦਾਣਾ ਮੰਡੀ ਵਿੱਚ ਨਗਰ ਕੌਂਸਲ ਦੀਆਂ ਬਹੁ-ਕਰੋੜੀ ਸਰਕਾਰੀ ਜਾਇਦਾਦਾਂ ਉੱਪਰ ਨਾਜਾਇਜ਼ ਕਬਜ਼ੇ ਕਰਵਾ ਕੇ ਖੁਰਦ-ਬੁਰਦ ਕਰਨ ਦੇ ਦੋਸ਼ ਲਾਏ ਗਏ ਸਨ। ਜਾਰੀ ਪੱਤਰ ਮੁਤਾਬਕ ਵਿਭਾਗ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਤੇ ਪ੍ਰਧਾਨ ਨੂੰ ਵੀ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ। ਜਵਾਬ ਵਿੱਚ ਪ੍ਰਧਾਨ ਰਾਣਾ ਨੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਪ੍ਰਧਾਨਗੀ ਤੇ ਇਮਾਨਦਾਰੀ ਕੁਝ ਲੋਕਾਂ ਨੂੰ ਬਰਦਾਸ਼ਤ ਨਹੀਂ। ਇਸੇ ਕਰਕੇ ਉਨ੍ਹਾਂ ਨੂੰ ਅਹੁਦੇ ਤੋਂ ਲਾਹੁਣ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ।
ਪੱਤਰ ਮੁਤਾਬਕ ਲੰਘੀ 9 ਅਪਰੈਲ ਨੂੰ ਨਿੱਜੀ ਸੁਣਵਾਈ ਮੌਕੇ ਵੀ ਪ੍ਰਧਾਨ ਨੇ ਆਪਣਾ ਪੱਖ ਰੱਖਿਆ ਤੇ ਭਰੋਸਾ ਦਿਵਾਇਆ ਕਿ ਉਹ ਅਗਾਂਹ ਵੀ ਇਮਾਨਦਾਰੀ ਨਾਲ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ। ਇਸ ਉਪਰੰਤ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਨੇ ਪ੍ਰਧਾਨ ਖ਼ਿਲਾਫ਼ ਜਾਰੀ ਨੋਟਿਸ ਨੂੰ ਦਾਖ਼ਲ ਦਫ਼ਤਰ ਕਰਨ ਦੀ ਹਦਾਇਤ ਕੀਤੀ। ਇਸ ਸਬੰਧੀ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਸੱਚਾਈ ਦੀ ਇੱਕ ਵਾਰ ਫੇਰ ਜਿੱਤ ਹੋਈ ਹੈ।