ਜਗਜੀਤ ਦੇ ਮਾਪਿਆਂ ਵੱਲੋਂ ਪੁੱਤਰ ਦੇ ਅਤਿਵਾਦੀ ਗਤੀਵਿਧੀਆਂ ਨਾਲ ਸਬੰਧ ਹੋਣ ਤੋਂ ਇਨਕਾਰ
ਪੱਤਰ ਪ੍ਰੇਰਕ
ਤਰਨ ਤਾਰਨ, 24 ਦਸੰਬਰ
ਇੰਗਲੈਂਡ ਦੀ ਬ੍ਰਿਟਿਸ਼ ਆਰਮੀ ਵਿੱਚ ਕੰਮ ਕਰਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਨਾਲ ਸਬੰਧਤ ਜਗਜੀਤ ਸਿੰਘ ਦੇ ਬਿਰਧ ਮਾਪਿਆਂ ਨੇ ਬੰਬ ਧਮਾਕਿਆਂ ਨਾਲ ਉਨ੍ਹਾਂ ਦੇ ਪੁੱਤਰ ਦੇ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ| ਜ਼ਿਕਰਯੋਗ ਹੈ ਕਿ ਪੁਲੀਸ ਅਨੁਸਾਰ ਸੂਬੇ ਦੇ ਵੱਖ-ਵੱਖ ਥਾਣਿਆਂ ’ਤੇ ਹੋਏ ਬੰਬ ਧਮਾਕਿਆਂ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨ ਕਾਰਕੁਨਾਂ ਨੂੰ ਜਗਜੀਤ ਹੀ ਹਦਾਇਤਾਂ ਦਿੰਦਾ ਸੀ। ਇਨ੍ਹਾਂ ਤਿੰਨਾਂ ਨੂੰ ਪੰਜਾਬ ਅਤੇ ਯੂਪੀ ਦੀ ਪੁਲੀਸ ਵੱਲੋਂ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ।
ਇਸ ਸਬੰਧੀ ਜਗਜੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਪੁਲੀਸ ਵੱਲੋਂ ਉਨ੍ਹਾਂ ਦੇ ਵਿਦੇਸ਼ ਬੈਠੇ ਲੜਕੇ ਨੂੰ ਜਾਣ-ਬੁੱਝ ਨੇ ਬੰਬ ਧਮਾਕਿਆਂ ਨਾਲ ਜੋੜਿਆ ਜਾ ਰਿਹਾ ਹੈ| ਭਾਰਤੀ ਫ਼ੌਜ ਤੋਂ ਸੇਵਾਮੁਕਤ ਹੋਏ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜਗਜੀਤ ਸਿੰਘ ਸਾਲ 2010 ਵਿੱਚ ਇੰਗਲੈਂਡ ਸਾਫਟਵੇਅਰ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਲਈ ਗਿਆ ਸੀ ਜਿੱਥੇ ਉਹ ਦੋ ਸਾਲਾਂ ਬਾਅਦ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋ ਗਿਆ| ਜੋਗਿੰਦਰ ਸਿੰਘ ਅਤੇ ਬਲਵਿੰਦਰ ਕੌਰ ਨੇ ਕਿਹਾ ਕਿ ਅੰਤਰ-ਜਾਤੀ ਵਿਆਹ ਕਰਵਾਉਣ ਕਾਰਨ ਉਨ੍ਹਾਂ ਨੇ ਜਗਜੀਤ ਸਿੰਘ ਨੂੰ ਬੇ-ਦਖ਼ਲ ਕਰ ਦਿੱਤਾ ਸੀ ਤੇ ਉਸ ਨਾਲੋਂ ਸਾਰੇ ਸਬੰਧ ਤੋੜ ਲਏ ਸਨ|
ਵਰਣਨਯੋਗ ਹੈ ਕਿ ਜੋਗਿੰਦਰ ਸਿੰਘ ਦੇ ਪਿਤਾ (ਜਗਜੀਤ ਸਿੰਘ ਦੇ ਦਾਦੇ) ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਯੋਗਦਾਨ ਪਾਇਆ ਸੀ। ਜੋਗਿੰਦਰ ਸਿੰਘ ਨੇ ਕਿਹਾ ਕਿ ਇਕ ਦੇਸ਼ ਭਗਤ ਪਰਿਵਾਰ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ’ਚ ਘੜੀਸ ਕੇ ਪੁਲੀਸ ਉਨ੍ਹਾਂ ਦੇ ਪਰਿਵਾਰ ਦੇ ਅਕਸ ਨੂੰ ਢਾਹ ਲਾਉਣ ਦੀ ਚਾਲ ਚੱਲ ਰਹੀ ਹੈ|