ਛੇ ਦਿਨਾਂ ਤੋਂ ਪੀਣ ਵਾਲੇ ਪਾਣੀ ਤੋਂ ਵਾਂਝੇ ਸੰਸਾਰਪੁਰ ਵਾਸੀ
ਜਗਜੀਤ ਸਿੰਘ
ਮੁਕੇਰੀਆਂ, 20 ਮਈ
ਪਿਛਲੇ ਕਰੀਬ ਡੇਢ ਸਾਲ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਕੰਢੀ ਦੇ ਪਿੰਡ ਸੰਸਾਰਪੁਰ ਦੇ ਕੁਝ ਮੁਹੱਲਾ ਵਾਸੀ ਪਿਛਲੇ 6 ਦਿਨਾਂ ਤੋਂ ਪਾਣੀ ਤੋਂ ਬਿਲਕੁੱਲ ਹੀ ਵਾਂਝੇ ਹੋ ਗਏ ਹਨ। ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਲੋਕਾਂ ਨੂੰ ਭਾਰੀ ਮੁ਼ਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਸੰਸਾਰਪੁਰ ਦੇ ਮੁਹੱਲਾ ਪੀਰ ਵਾਲਾ, ਬਿੱਲੇ ਵਾਲਾ ਮੁਹੱਲਾ ਅਤੇ ਜਿਗਲ ਮੁਹੱਲਾ ਦੇ ਵਸਨੀਕਾਂ ਗੁਰਦੀਪ ਸਿੰਘ, ਸ਼ਿਗਾਰਾ ਸਿੰਘ ਤੇ ਬਲਜੀਤ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਡੇਢ ਸਾਲ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਹ ਇਹ ਮਾਮਲਾ ਹਲਕਾ ਵਿਧਾਇਕ, ਵਿਭਾਗੀ ਅਧਿਕਾਰੀਆਂ ਸਮੇਤ ਹਰ ਪੱਧਰ ’ਤੇ ਉਠਾ ਚੁੱਕੇ ਹਨ ਪਰ ਵਿਧਾਇਕ ਦੀਆਂ ਹਦਾਇਤਾਂ ਦੇ ਬਾਵਜੂਦ ਵਿਭਾਗੀ ਅਧਿਕਾਰੀ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਨਹੀਂ ਕਰਵਾ ਰਹੇ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਮੁਹੱਲਿਆਂ ਅੰਦਰ ਕਰੀਬ 80 ਪਰਿਵਾਰਾਂ ਦੇ ਘਰ ਹਨ ਅਤੇ ਇਹ ਸਾਰੇ ਹੀ ਪਿਛਲੇ 5 ਦਿਨਾਂ ਤੋਂ ਪਾਣੀ ਤੋਂ ਬਿਲਕੁੱਲ ਵਾਂਝੇ ਬੈਠੇ ਹਨ ਜਦੋਂ ਕਿ ਕੁਝ ਰਸੂਖਦਾਰਾਂ ਨੂੰ ਲੱਗਪੱਗ ਦੁੱਗਣਾ ਪਾਣੀ ਦਿੱਤਾ ਜਾ ਰਿਹਾ ਹੈ ਜਿਸ ਲਈ ਜਲ ਸਪਲਾਈ ਅਧਿਕਾਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾ ਦੱਸਿਆ ਕਿ ਪ੍ਰਭਾਵਿਤ ਲੋਕ ਪਿਛਲੇ ਕਰੀਬ ਡੇਢ ਸਾਲ ਤੋਂ ਵਿਧਾਇਕ ਦੇ ਦਫ਼ਤਰ ਅਤੇ ਜਲ ਸਪਲਾਈ ਅਧਿਕਾਰੀਆਂ ਦੇ ਦਫ਼ਤਰਾਂ ਦੇ ਲਗਾਤਾਰ ਚੱਕਰ ਕੱਟ ਰਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਇਸ ਬਾਬਤ ਆਨਲਾਈਨ ਸ਼ਿਕਾਇਤ ਵੀ ਕੀਤੀਆਂ ਹਨ, ਪਰ ਉਨ੍ਹਾਂ ਦੀ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਉਹ ਮਹਿੰਗੇ ਮੁੱਲ ਦੇ ਟੈਂਕਰਾਂ ਰਾਹੀਂ ਪਾਣੀ ਮੰਗਵਾਉਣ ਨੂੰ ਮਜਬੂਰ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਮਸਲਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਜਲ ਸਪਲਾਈ ਦਫ਼ਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਮੌਕੇ ਨੀਲਮ ਕੁਮਾਰੀ, ਇੰਦਰਜੀਤ ਕੌਰ, ਕਾਂਤਾ ਦੇਵੀ, ਨਿਸ਼ਾ, ਰੋਹਿਨੀ, ਲਲਿਤਾ ਦੇਵੀ, ਪਰਮਲਾ ਦੇਵੀ, ਮਮਤਾ ਦੇਵੀ, ਸ਼ਿਮਲੋ ਦੇਵੀ ਅਤੇ ਮਮਤਾ ਰਾਣੀ ਆਦਿ ਵੀ ਹਾਜ਼ਰ ਸਨ।
ਐੱਸਡੀਓ ਵੱਲੋਂ ਜਲਦ ਮਸਲਾ ਹੱਲ ਕਰਨ ਦਾ ਭਰੋਸਾ
ਜਲ ਸਪਲਾਈ ਵਿਭਾਗ ਦੇ ਐੱਸਡੀਓ ਸੇਵਾ ਸਿੰਘ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਪਾਣੀ ਦੀ ਨਿਰਵਿਘਨ ਸਪਲਾਈ ਲਈ ਕੁਝ ਨਵੀਆਂ ਪਾਈਪਾਂ ਪਾਉਣ ਦੀ ਲੋੜ ਹੈ ਅਤੇ ਇਸ ਸਬੰਧੀ ਤਜਵੀਜ਼ ਪਿਛਲੇ ਸਾਲ ਹੀ ਭੇਜ ਦਿੱਤੀ ਗਈ ਸੀ। ਇਹ ਤਜਵੀਜ਼ ਪਾਸ ਹੋ ਕੇ ਫੰਡ ਆ ਚੁੱਕੇ ਹਨ ਅਤੇ ਜਲਦ ਹੀ ਕੰਮ ਸ਼ੁਰੂ ਕਰਵਾ ਕੇ ਪ੍ਰਭਾਵਿਤ ਲੋਕਾਂ ਦੀ ਪੀਣ ਦੇ ਪਾਣੀ ਦੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ। ਉਨ੍ਹਾ ਦੇਰੀ ਦਾ ਕਾਰਨ ਫੰਡ ਜਲ ਸਪਲਾਈ ਵਿਭਾਗ ਵਲੋਂ ਦੇਣਾ ਅਤੇ ਕੰਮ ਪੰਚਾਇਤੀ ਰਾਜ ਵਲੋਂ ਕਰਵਾਏ ਜਾਣਾ ਦੱਸਿਆ ਹੈ।
Advertisement