ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛਿੰਝ ਦੀ ਕਮਾਈ

04:41 AM Jan 09, 2025 IST

ਪ੍ਰਿੰਸੀਪਲ ਵਿਜੈ ਕੁਮਾਰ
ਰਾਵਾਂ ਵਿੱਚੋਂ ਵੱਡਾ ਹੋਣ ਕਾਰਨ ਪਰਿਵਾਰ ਦੇ ਹਾਲਾਤ ਅਤੇ ਪਿਤਾ ਜੀ ਦੀ ਬਿਮਾਰੀ ਨੇ ਪੰਜਵੀਂ ਜਮਾਤ ਵਿੱਚ ਹੀ ਜਿ਼ੰਮੇਵਾਰੀ ਦਾ ਪਾਠ ਪੜ੍ਹਾ ਦਿੱਤਾ ਸੀ। ਦਿਮਾਗ ਵਿੱਚ ਹਰ ਵੇਲੇ ਇੱਕੋ ਗੱਲ ਘੁੰਮਦੀ ਰਹਿੰਦੀ ਕਿ ਕਮਾਈ ਵਿੱਚ ਪਿਤਾ ਜੀ ਦਾ ਹੱਥ ਕਿਵੇਂ ਵਟਾ ਸਕਦਾ ਹਾਂ। ਬੱਸਾਂ ਵਿੱਚ ਗੋਲੀਆਂ ਬਿਸਕੁੱਟ ਵੇਚਣਾ ਜਿ਼ੰਦਗੀ ਦਾ ਹਿੱਸਾ ਬਣ ਚੁੱਕਾ ਸੀ। ਜਿਸ ਦਿਨ ਮਾਂ ਨੂੰ ਚੰਗੇ ਪੈਸੇ ਲਿਆ ਕੇ ਦਿੰਦਾ, ਉਸ ਦਿਨ ਆਪਣੇ ਆਪ ’ਚ ਬੀਬੇ ਬੱਚੇ ਵਰਗਾ ਅਹਿਸਾਸ ਹੁੰਦਾ। ਬਾਲਣ ਦੇ ਪੈਸੇ ਬਚਾਉਣ ਲਈ ਖੇਤਾਂ ਵਿੱਚੋਂ ਖੁੰਗੇ ਇਕੱਠੇ ਕਰ ਕੇ ਲਿਆਉਣਾ ਸਕੂਨ ਦਿੰਦਾ ਸੀ।
ਸਰਦ ਰੁੱਤ ਸ਼ੁਰੂ ਹੁੰਦਿਆਂ ਹੀ ਨੇੜਲੇ ਪਿੰਡਾਂ ’ਚ ਛਿੰਝ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ। ਮੇਲਿਆਂ ’ਚ ਪਿੰਡ ਦੇ ਤਿੰਨ ਚਾਰ ਬੰਦੇ ਦੁਕਾਨਾਂ ਲਗਾਉਂਦੇ ਸਨ। ਉਨ੍ਹਾਂ ਵਿੱਚੋਂ ਸਾਡੀ ਗਲੀ ਦਾ ਗੋਪਾਲ ਚਾਚਾ ਵੀ ਆਪਣੀ ਦੁਕਾਨ ਲੈ ਕੇ ਜਾਂਦਾ ਸੀ। ਇੱਕ ਦਿਨ ਵਿਚਾਰ ਆਇਆ, ਜੇ ਗੋਪਾਲ ਚਾਚਾ ਮੈਨੂੰ ਵੀ ਛਿੰਝ ਦੇ ਮੇਲੇ ’ਚ ਲੈ ਜਾਵੇ ਤਾਂ ਮੈਂ ਵੀ ਆਪਣੀ ਦੁਕਾਨ ਤੋਂ ਜੁੱਤੀਆਂ ਦੇ ਜੋੜੇ ਲਿਜਾ ਕੇ ਕੁਝ ਨਾ ਕੁਝ ਕਮਾਈ ਕਰ ਸਕਦਾ ਹਾਂ। ਇਸ ਬਾਰੇ ਗੋਪਾਲ ਚਾਚੇ ਨਾਲ ਗੱਲ ਕੀਤੀ। ਉਹਨੇ ਅੱਗਿਓਂ ਕਹਿ ਸੁਣਾਇਆ, “ਕਾਕਾ, ਅਜੇ ਤੂੰ ਬਹੁਤ ਛੋਟਾ ਹੈਂ, ਕੀ ਵੇਚੇਂਗਾ?”
“ਮੈਂ ਆਪਣੀ ਦੁਕਾਨ ਤੋਂ ਜੁੱਤੀਆਂ ਦੇ ਜੋੜੇ ਵੇਚਣ ਲਈ ਲੈ ਜਾਵਾਂਗਾ।” ਚਾਚੇ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਕਿੱਥੇ ਮੰਨਦਾ ਸਾਂ! ਅਖ਼ੀਰ ਉਹਨੂੰ ਕਹਿਣਾ ਪਿਆ, “ਠੀਕ ਐ, ਤੇਰੇ ਬਾਪ ਨਾਲ ਗੱਲ ਕਰਦਾਂ।” ਪਿਤਾ ਜੀ ਨੇ ਵੀ ਮੈਨੂੰ ਛੋਟਾ ਹੋਣ ਦੀ ਗੱਲ ਕਹਿ ਕੇ ਭੇਜਣ ਤੋਂ ਨਾਂਹ ਕਰ ਦਿੱਤੀ।
ਗੱਲ ਬਣਦੀ ਨਾ ਦੇਖ ਕੇ ਮੈਂ ਮਾਂ ਕੋਲ ਚਲਾ ਗਿਆ। ਉਨ੍ਹਾਂ ਪਿਤਾ ਜੀ ਨਾਲ ਗੱਲ ਤੋਰੀ, “ਇਹਨੇ ਬੈਠਣਾ ਤਾਂ ਦੁਕਾਨ ’ਤੇ ਹੀ ਐ, ਜਾ ਲੈਣ ਦਿਓ। ਜੇ ਕੁਝ ਕਮਾ ਕੇ ਨਹੀਂ ਲਿਆਵੇਗਾ ਤਾਂ ਕੁਝ ਨਾ ਕੁਝ ਸਿੱਖ ਕੇ ਤਾਂ ਆਵੇਗਾ।”... ਤੇ ਪਿਤਾ ਜੀ ਨੇ ਮੈਨੂੰ ਗੋਪਾਲ ਚਾਚੇ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ।
ਮੈਂ ਪੁਰਾਣੇ ਜਿਹੇ ਝੋਲੇ ਵਿੱਚ ਜੁੱਤੀਆਂ ਦੇ ਵੀਹ ਪੱਚੀ ਜੋੜੇ ਪਾਏ ਤੇ ਗੋਪਾਲ ਚਾਚੇ ਨਾਲ ਦੁਕਾਨ ਲਗਾਉਣ ਚਲਾ ਗਿਆ। ਮੇਲੇ ਵਿੱਚ ਜਾ ਕੇ ਗੋਪਾਲ ਚਾਚੇ ਨੇ ਆਪਣੀ ਦੁਕਾਨ ਦੇ ਨਾਲ ਹੀ ਮੇਰੀ ਬੋਰੀ ਵਿਛਵਾ ਲਈ। ਘੰਟਾ ਕੁ ਮੈਂ ਲੋਕਾਂ ਨੂੰ ਜੁੱਤੀਆਂ ਖਰੀਦਣ ਲਈ ਹਾਕਾਂ ਮਾਰਦਾ ਰਿਹਾ ਪਰ ਕਿਸੇ ਵੀ ਗਾਹਕ ਨੇ ਜੁੱਤੀ ਦਾ ਮੁੱਲ ਤੱਕ ਨਾ ਪੁੱਛਿਆ। ਮੈਂ ਨਿੰਮੋਝੂਣਾ ਜਿਹਾ ਹੋ ਕੇ ਬੈਠ ਗਿਆ। ਗੋਪਾਲ ਚਾਚਾ ਸਾਡੇ ਪਰਿਵਾਰ ਦੀ ਹਾਲਤ ਦਾ ਦਿਲੋਂ ਹਮਦਰਦ ਸੀ। ਉਹਨੇ ਮੈਨੂੰ ਸਵਾਲ ਕੀਤਾ, “ਕਿੰਨੇ ਰੁਪਏ ਦੇ ਹਨ ਤੇਰੇ ਇਹ ਸਾਰੇ ਜੋੜੇ?”
“ਪਿਤਾ ਜੀ ਨੇ ਛੇ ਰੁਪਏ ਦੇ ਹਿਸਾਬ ਨਾਲ ਵੇਚਣ ਨੂੰ ਕਿਹਾ ਸੀ।” ਚਾਚੇ ਨੇ ਜੇਬ ਵਿੱਚੋਂ ਡੇਢ ਸੌ ਰੁਪਏ ਕੱਢ ਕੇ ਮੇਰੇ ਹੱਥ ਉਤੇ ਧਰਦਿਆਂ ਕਿਹਾ, “ਬਾਕੀ ਹਿਸਾਬ ਤੇਰੇ ਪਾਪਾ ਨਾਲ ਕਰ ਲਵਾਂਗਾ, ਤੂੰ ਜਾ ਕੇ ਮੇਲਾ ਦੇਖ। ਇਹ ਕੰਮ ਤੇਰੇ ਵੱਸ ਦਾ ਨਹੀਂ।” ਮੈਂ ਚਾਚੇ ਤੋਂ ਡੇਢ ਸੌ ਰੁਪਇਆ ਲੈ ਕੇ ਖ਼ੁਦ ਨੂੰ ਬੜਾ ਕਾਮਯਾਬ ਦੁਕਾਨਦਾਰ ਸਮਝ ਰਿਹਾ ਸਾਂ ਤੇ ਮਨ ਹੀ ਮਨ ਸੋਚ ਰਿਹਾ ਸਾਂ ਕਿ ਹੁਣ ਪਿਤਾ ਜੀ ਹਰ ਛਿੰਝ ਮੇਲੇ ਵਿਚ ਮੈਨੂੰ ਭੇਜਣ ਤੋਂ ਨਾਂਹ ਨਹੀਂ ਕਰਨਗੇ।
ਮੇਲੇ ਵਿੱਚ ਘੁੰਮਦਿਆਂ ਮੇਰਾ ਜਮਾਤੀ ਟੱਕਰ ਗਿਆ; ਕਹਿੰਦਾ, “ਲਾਲਾ, ਇਹ ਪਿੰਡ ਵਾਲੇ ਭਲਵਾਨਾਂ ਦੀ ਛਿੰਝ ਖ਼ਤਮ ਹੋਣ ਤੋਂ ਬਾਅਦ ਬੱਚਿਆਂ ਦਾ ਘੋਲ ਕਰਵਾਉਂਦੇ। ਢਾਹੁਣ ਵਾਲੇ ਨੂੰ ਦਸ ਰੁਪਏ ਤੇ ਢਹਿਣ ਵਾਲੇ ਨੂੰ ਪੰਜ ਰੁਪਏ ਮਿਲਦੇ। ਮੈਨੂੰ ਆਪਣਾ ਜੋੜੀਦਾਰ ਨਹੀਂ ਮਿਲ ਰਿਹਾ। ਮੈਂ ਤੈਨੂੰ ਆਪਣਾ ਜੋੜੀਦਾਰ ਤਾਂ ਹੀ ਬਣਾਵਾਂਗਾ ਜੇ ਤੂੰ ਢਹਿਣ ਲਈ ਤਿਆਰ ਹੋਵੇਂ।” ਉਂਝ, ਜੇ ਉਹ ਮੇਰੇ ਅੱਗੇ ਸ਼ਰਤ ਨਾ ਵੀ ਰੱਖਦਾ ਤਾਂ ਵੀ ਮੈਂ ਹੀ ਢਹਿਣਾ ਸੀ... ਸਾਡੇ ਤਾਂ ਖਾਨਦਾਨ ਵਿੱਚੋਂ ਵੀ ਕੋਈ ਛਿੰਝ ’ਚ ਨਹੀਂ ਸੀ ਘੁਲਿਆ ਤੇ ਉਹ ਮੇਰੇ ਨਾਲੋਂ ਤਕੜਾ ਵੀ ਸੀ।
ਜਮਾਤੀ ਨੇ ਦਸ ਰੁਪਏ ਲੈਣ ਦੇ ਚੱਕਰ ਵਿੱਚ ਮੈਨੂੰ ਹੇਠਾਂ ਸੁੱਟ ਕੇ ਚੰਗੀ ਤਰ੍ਹਾਂ ਮਧਲੋਣਾ ਸ਼ੁਰੂ ਕਰ ਦਿੱਤਾ। ਛਿੰਝ ਦੇ ਪ੍ਰਬੰਧਕਾਂ ਨੇ ਮੈਨੂੰ ਬੜੀ ਮੁਸ਼ਿਕਲ ਨਾਲ ਉਸ ਦੇ ਹੇਠੋਂ ਕੱਢਿਆ। ਮੇਰੀ ਮਾਸੂਮੀਅਤ ਦੇਖਦਿਆਂ ਪ੍ਰਬੰਧਕਾਂ ਨੇ ਮੈਨੂੰ ਵੀ ਦਸ ਰੁਪਏ ਦੇ ਦਿੱਤੇ। ਮੈਨੂੰ ਦਸ ਰੁਪਏ ਮਿਲੇ ਦੇਖ ਮੇਰੇ ਜੋੜੀਦਾਰ ਦਾ ਜਿੱਤ ਦਾ ਮਜ਼ਾ ਕਿਰਕਿਰਾ ਹੋ ਗਿਆ। ਮੈਂ ਦਸ ਰੁਪਏ ਵਿੱਚੋਂ ਪੰਜਾਂ ਨਾਲ ਮੇਲੇ ਦਾ ਆਨੰਦ ਲਿਆ ਤੇ ਪੰਜ ਰੁਪਏ ਜੁੱਤੀਆਂ ਦੇ ਜੋੜਿਆਂ ਦੇ ਪੈਸਿਆਂ ਵਿੱਚ ਰਲਾ ਕੇ ਪਿਤਾ ਜੀ ਨੂੰ ਦੇ ਦਿੱਤੇ। ਗੋਪਾਲ ਚਾਚੇ ਨੇ ਬਾਕੀ ਬਚਦੇ ਤੀਹ ਰੁਪਏ ਪਿਤਾ ਜੀ ਨੂੰ ਦੇ ਕੇ ਅੱਗੇ ਤੋਂ ਮੈਨੂੰ ਛਿੰਝ ਮੇਲੇ ਵਿੱਚ ਲਿਜਾਣ ਤੋਂ ਨਾਂਹ ਕਰ ਦਿੱਤੀ।
ਸੰਪਰਕ: 98726-27136

Advertisement

Advertisement