ਛੜਬੜ ਦੇ ਇਤਿਹਾਸਕ ਗੁਰਦੁਆਰਾ ਚੋਈ ਸਾਹਿਬ ਦੀ ਜ਼ਮੀਨ ਦੀ ਸੰਭਾਲ ਦੀ ਮੰਗ
ਕਰਮਜੀਤ ਸਿੰਘ ਚਿੱਲਾ
ਬਨੂੜ, 31 ਮਈ
ਪਿੰਡ ਛੜਬੜ ਦੇ ਵਸਨੀਕ ਅਤੇ ਸਾਬਕਾ ਬਲਾਕ ਸਮਿਤੀ ਮੈਂਬਰ ਜਗਤਾਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਿੰਡ ਛੜਬੜ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਚੋਈ ਸਾਹਿਬ ਦੀ ਜ਼ਮੀਨ ਵੱਲ ਲੋੜੀਂਦਾ ਧਿਆਨ ਦੇਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਚੋਈ ਸਾਹਿਬ ਦੀ ਜ਼ਮੀਨ ਦਾ ਇੱਕ ਪਾਸੇ ਦਾ ਦਸ ਏਕੜ ਦਾ ਟੱਕ ਸਿਰਫ਼ ਇੱਕ ਲੱਖ ਰੁਪਏ ਸਾਲਾਨਾ ਵਿਚ ਠੇਕੇ ’ਤੇ ਚੜ੍ਹਦਾ ਹੈ, ਜਿਸ ਦਾ ਕਾਰਨ ਜ਼ਮੀਨ ਵਿਚ ਟਿਊਬਵੈੱਲ ਨਾ ਹੋਣ ਕਾਰਨ ਬਰਾਨੀ ਹੋਣਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਤੀਹ ਤੋਂ ਚਾਲੀ ਹਜ਼ਾਰ ਰੁਪਏ ਪ੍ਰਤੀ ਏਕੜ ਦਾ ਠੇਕਾ ਹੈ ਅਤੇ ਜੇਕਰ ਸ਼੍ਰੋਮਣੀ ਕਮੇਟੀ ਉਕਤ ਜ਼ਮੀਨ ਵਿਚ ਪਾਣੀ ਦੇ ਪ੍ਰਬੰਧ ਲਈ ਟਿਊਬਵੈੱਲ ਲਗਵਾ ਦੇਵੇ ਤਾਂ ਜ਼ਮੀਨ ਦਾ ਠੇਕਾ ਦੁੱਗਣਾ-ਤਿੱਗਣਾ ਵਧ ਸਕਦਾ ਹੈ।
ਉਨ੍ਹਾਂ ਪੂਰਬ ਵਾਲੇ ਪਾਸੇ 14 ਵਿੱਘੇ ਜ਼ਮੀਨ ਲਈ ਮਾਲ ਵਿਭਾਗ ਦੇ ਰਿਕਾਰਡ ਵਿਚ ਰਸਤਾ ਲੱਗਿਆ ਹੋਣ ਦੇ ਬਾਵਜੂਦ ਰਸਤਾ ਨਾ ਹੋਣ ਦੀ ਗੱਲ ਆਖੀ ਅਤੇ ਰਸਤੇ ਤੇ ਹੋਏ ਕਬਜ਼ਾ ਛੁਡਾਏ ਜਾਣ ਦੀ ਗੱਲ ਆਖੀ। ਉਨ੍ਹਾਂ ਸਿੰਜਾਈ ਵਿਭਾਗ ਤੋਂ ਬਨੂੜ ਨਹਿਰ ਦੇ ਛੜਬੜ ਨੂੰ ਆਉਂਦੇ ਪਾਣੀ ਦੇ ਨਾਲੇ ਦੀ ਸਫ਼ਾਈ ਦੀ ਮੰਗ ਵੀ ਕੀਤੀ