ਚੱਬੇਵਾਲ ਨੇ ਹਲਕੇ ਦੇ ਪਰਿਵਾਰਾਂ ਨਾਲ ਲੋਹੜੀ ਦੇ ਜਸ਼ਨ ਮਨਾਏ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 14 ਜਨਵਰੀ
ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਆਪਣੇ ਹਲਕੇ ਦੇ ਪਰਿਵਾਰਾਂ ਨਾਲ ਲੋਹੜੀ ਦੇ ਜਸ਼ਨਾਂ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਉਚੇਚੇ ਤੌਰ ’ਤੇ ਕੁੜੀਆਂ ਦੀ ਲੋਹੜੀ ਵਿੱਚ ਸ਼ਿਰਕਤ ਕੀਤੀ ਅਤੇ ਲਿੰਗ ਅਸਮਾਨਤਾ ਅਤੇ ਕੁੜੀਆਂ ਦੀ ਪਛਾਣ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਲੋਹੜੀ ਪਾਉਣ ਨੂੰ ਪ੍ਰੇਰਨਾਦਾਇਕ ਕਦਮ ਦੱਸਿਆ। ਉਨ੍ਹਾਂ ਨੇ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਜਾ ਕੇ ਨਵਜਾਤ ਕੁੜੀਆਂ ਦੀ ਲੋਹੜੀ ਮਨਾਈ ਅਤੇ ਪਰਿਵਾਰਾਂ ਨੂੰ ਸਨਮਾਨਿਤ ਕਰਕੇ ਲੋਕਾਂ ਨੂੰ ਇਸ ਮੁੱਦੇ ’ਤੇ ਜਾਗਰੂਕ ਕੀਤਾ।
ਡਾ. ਰਾਜ ਨੇ ਕਿਹਾ ਕਿ ਸਮਾਜ ਵਿੱਚ ਅਕਸਰ ਲੋਹੜੀ ਦੇ ਤਿਉਹਾਰ ਨੂੰ ਮੁੰਡਿਆਂ ਦੇ ਜਨਮ ਉਤਸਵ ਵਜੋਂ ਮੰਨਿਆ ਜਾਂਦਾ ਹੈ ਪਰ ਇਹ ਸਮਾਂ ਹੈ ਕਿ ਹੁਣ ਕੁੜੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਜਾਵੇ। ਉਨ੍ਹਾਂ ਨੇ ਕੁੜੀਆਂ ਦੇ ਜਨਮ ਦਾ ਜਸ਼ਨ ਮਨਾਉਣ ਅਤੇ ਉਨ੍ਹਾਂ ਨੂੰ ਸਿੱਖਿਆ, ਸਿਹਤ ਅਤੇ ਸੁਰੱਖਿਆ ਦੇ ਹੱਕ ਦਿਵਾਉਣ ਵੱਲ ਲੋਕਾਂ ਦਾ ਧਿਆਨ ਖਿੱਚਿਆ। ਉਨ੍ਹਾਂ ਨੇ ਜੰਡੋਲੀ ਦੀ ਰਿਸ਼ਿਕਾ ਜਸਵਾਲ ਦੇ ਨਿਊਜ਼ੀਲੈਂਡ ਦੀ ਅੰਡਰ-19 ਦੀ ਕ੍ਰਿਕਟ ਟੀਮ ’ਚ ਚੁਣੇ ਜਾਣ ਦੀ ਉਦਾਹਰਨ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਸਮਾਨ ਮੌਕੇ ਦਿੰਦਿਆਂ ਉਨ੍ਹਾਂ ਦੀ ਸਿੱਖਿਆ ਤੇ ਵਿਕਾਸ ਲਈ ਯਤਨ ਕਰਨ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਕੁੜੀਆਂ ਨੂੰ ਸਮਾਨ ਅਧਿਕਾਰ ਦੇਣ ਨਾਲ ਹੀ ਇੱਕ ਪ੍ਰਗਤੀਸ਼ੀਲ ਪੰਜਾਬ ਅਤੇ ਭਾਰਤ ਦੀ ਕਲਪਨਾ ਕੀਤੀ ਜਾ ਸਕਦੀ ਹੈ।