ਲਖਵੀਰ ਸਿੰਘ ਚੀਮਾਮਹਿਲ ਕਲਾਂ, 15 ਦਸੰਬਰਇੱਥੇ ਬਰਨਾਲਾ-ਹਠੂਰ ਖਸਤਾ ਹਾਲਤ ਸੜਕ ਲੰਬੇ ਸਮੇਂ ਤੋਂ ‘ਬਦਲਾਅ’ ਦੇ ਇੰਤਜ਼ਾਰ ਵਿੱਚ ਹੈ। ਸੜਕ ਦੀ ਦੁਰਦਸ਼ਾ ਕਾਰਨ ਹਲਕਾ ਮਹਿਲ ਕਲਾਂ ਦੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਰੋਸ ਵਿੱਚ ਅੱਜ ਗਹਿਲ ਵਾਸੀਆਂ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ।ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣੀ ਇਹ ਸੜਕ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਈ ਹੈ। ਇਹ ਸੜਕ ਪਿੰਡ ਚੰਨਣਵਾਲ, ਗਹਿਲ, ਨਰਾਇਣਗੜ੍ਹ ਸੋਹੀਆਂ ਅਤੇ ਦੀਵਾਨਾ ਨੂੰ ਸ਼ਹਿਰ ਬਰਨਾਲਾ ਨਾਲ ਜੋੜਦੀ ਹੈ ਅਤੇ ਇਨ੍ਹਾਂ ਪਿੰਡਾਂ ਦੇ ਲੋਕ ਕੰਮ ਕਾਰ ਲਈ ਇਸੇ ਰਸਤੇ ਨੂੰ ਅਪਣਾਉਂਦੇ ਹਨ, ਪਰ ਸੜਕ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਆਉਣ-ਜਾਣ ਲਈ ਮੁਸ਼ਕਲਾਂ ਆ ਰਹੀਆਂ ਹਨ।ਇਸ ਮੌਕੇ ਗਹਿਲ ਦੇ ਸਰਪੰਚ ਬਲਵੀਰ ਸਿੰਘ ਮਾਨ, ਪੰਚ ਕਰਮਜੀਤ ਸਿੰਘ, ਜਗਰੂਪ ਸਿੰਘ ਸਿੱਧੂ ਅਤੇ ਦਲਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਸੜਕ ਪਿਛਲੇ ਕਰੀਬ ਅੱਠ ਸਾਲਾਂ ਤੋਂ ਬਣੀ ਹੈ ਜਿਸ ਤੋਂ ਬਾਅਦ ਇਸਦੀ ਸਬੰਧਤ ਵਿਭਾਗ ਅਤੇ ਸਰਕਾਰ ਨੇ ਸਾਰ ਨਹੀਂ ਲਈ। ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਉਣ ਦੇ ਬਾਵਜੂਦ ਸੜਕ ਦੀ ਮੁਰੰਮਤ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਮੁਰੰਮਤ ਦੀ ਥਾਂ ਨਵੇਂ ਸਿਰੇ ਤੋਂ ਬਣਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।ਫੰਡ ਆਉਣ ’ਤੇ ਸੜਕ ਦੀ ਹਾਲਤ ਸੁਧਾਰੀ ਜਾਵੇਗੀ: ਜੇਈਇਸ ਸਬੰਧੀ ਪੀਡਬਲਯੂਡੀ ਦੇ ਜੇਈ ਅਮਰਪਾਲ ਸਿੰਘ ਨੇ ਕਿਹਾ ਕਿ ਇਸ ਸੜਕ ਦਾ ਐਸਟੀਮੇਟ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ ਅਤੇ ਸੜਕ ਦੇ ਨਿਰਮਾਣ ਲਈ ਜਿਵੇਂ ਹੀ ਫੰਡ ਆਵੇਗਾ ਤਾਂ ਇਸ ਦੀ ਹਾਲਤ ਸੁਧਾਰ ਦਿੱਤੀ ਜਾਵੇਗੀ।