ਚੰਦਭਾਨ ਐਕਸ਼ਨ ਕਮੇਟੀ ਨੇ ਵਿਧਾਇਕ ਦੇ ਪੁਤਲੇ ਸਾੜੇ
ਸ਼ਗਨ ਕਟਾਰੀਆ
ਜੈਤੋ, 19 ਮਈ
ਚੰਦਭਾਨ ਜਬਰ ਵਿਰੋਧੀ ਐਕਸ਼ਨ ਕਮੇਟੀ ਨੇ ਪਿੰਡ ਸੇਵੇਵਾਲਾ, ਕਰੀਰਵਾਲੀ, ਚੈਨਾ ਤੇ ਦਬੜ੍ਹੀਖਾਨਾ ’ਚ ਅੱਜ ਵਿਧਾਇਕ ਦੇ ਪੁਤਲੇ ਸਾੜੇ। ਇਸ ਮੌਕੇ ਕਮੇਟੀ ਆਗੂ ਗੁਰਪਾਲ ਨੰਗਲ, ਕਰਮਜੀਤ ਸੇਵੇਵਾਲਾ, ਕੁਲਦੀਪ ਚੰਦਭਾਨ ਤੇ ਸਿਕੰਦਰ ਅਜਿੱਤਗਿੱਲ ਨੇ ਦੋਸ਼ ਲਾਇਆ ਕਿ ‘ਆਪ’ ਦੇ ਹਲਕਾ ਵਿਧਾਇਕ ਅਮੋਲਕ ਸਿੰਘ ਦੇ ਸਿਆਸੀ ਦਬਾਅ ਕਾਰਨ ਪੁਲੀਸ ਵੱਲੋਂ ਮਜ਼ਦੂਰ ’ਤੇ ਫਾਇਰਿੰਗ ਕਰਨ, ਘਰਾਂ ਦੀ ਭੰਨਤੋੜ ਤੇ ਲੁੱਟਮਾਰ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਪੁਖ਼ਤਾ ਸਬੂਤਾਂ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਇਲਜ਼ਾਮ ਲਾਇਆ ਕਿ ਵਿਧਾਇਕ ਦੇ ਦਬਾਅ ਕਰਕੇ ਹੀ ਐੱਸਐੱਸਪੀ ਫ਼ਰੀਦਕੋਟ ਤੇ ਐਕਸ਼ਨ ਕਮੇਟੀ ਦਰਮਿਆਨ ਹੋਏ ਸਮਝੌਤੇ ਤਹਿਤ ਮਜ਼ਦੂਰਾਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਰਿਪੋਰਟ ਵਾਰ-ਵਾਰ ਵਾਅਦੇ ਕਰ ਕੇ ਅਦਾਲਤ ’ਚ ਪੇਸ਼ ਨਹੀਂ ਕੀਤੀ ਜਾ ਰਹੀ। ਉਨ੍ਹਾਂ ਐਲਾਨ ਕੀਤਾ ਕਿ 20 ਤੇ 21 ਮਈ ਨੂੰ ਵਿਧਾਇਕ ਦੀਆਂ ਮਜ਼ਦੂਰ ਵਿਰੋਧੀ ਕਰਤੂਤਾਂ ਦਾ ਪਰਦਾਫਾਸ਼ ਕਰਨ ਲਈ ਜ਼ਿਲ੍ਹੇ ’ਚ ਅਰਥੀਆਂ ਸਾੜੀਆਂ ਜਾਣਗੀਆਂ ਅਤੇ 22 ਮਈ ਤੋਂ ਐੱਸਐੱਸਪੀ ਦਫ਼ਤਰ ਫ਼ਰੀਦਕੋਟ ਅੱਗੇ ਧਰਨਾ ਸ਼ੁਰੂ ਕੀਤਾ ਜਾਵੇਗਾ।
ਬੇਵਜਾ ਮੇਰਾ ਨਾਂ ਜੋੜਿਆ ਜਾ ਰਿਹੈ: ਅਮੋਲਕ ਸਿੰਘ
ਵਿਧਾਇਕ ਅਮੋਲਕ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਨਾਂ ਵਰਤ ਕੇ ਕੁੱਝ ਜਥੇਬੰਦੀਆਂ ਦੇ ਅਖੌਤੀ ਆਗੂ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਹਾਲਾਂਕਿ ਚੰਦਭਾਨ ਘਟਨਾ ਤੋਂ ਪਹਿਲਾਂ ਉਹ ਕਿਸੇ ਗਮਦੂਰ ਸਿੰਘ ਨਾਂ ਦੇ ਸ਼ਖ਼ਸ ਨੂੰ ਜਾਣਦੇ ਤੱਕ ਨਹੀਂ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਵਜ੍ਹਾ ਅਤੇ ਬੇਬੁਨਿਆਦ ਉਨ੍ਹਾਂ ’ਤੇ ਦੂਸ਼ਣਬਾਜ਼ੀ ਦਾ ਚਿੱਕੜ ਸੁੱਟ ਕੇ ਹਲਕੇ ਕਿਸਮ ਦੀ ਸਿਆਸਤ ਚਮਕਾਉਣ ’ਚ ਰੁੱਝੇ ਅਜਿਹੇ ਤਥਾ-ਕਥਿਤ ਆਗੂਆਂ ਨੂੰ ਪਛਾਨਣ, ਜੋ ਬਗ਼ੈਰ ਲੱਲੇ-ਖੱਖੇ ਤੋਂ ਰਾਈ ਦਾ ਪਹਾੜ ਬਣਾ ਕੇ ਗੱਲ ਨੂੰ ਪੇਸ਼ ਕਰ ਰਹੇ ਹਨ’। ਵਿਧਾਇਕ ਨੇ ਕਿਹਾ ਕਿ ਉਹ ਦੇਸ਼ ਤੇ ਸਮਾਜ ਅੰਦਰ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਹਮੇਸ਼ਾ ਮੁੱਦਈ ਰਹੇ ਹਨ ਅਤੇ ਰਹਿਣਗੇ। ਉਨ੍ਹਾਂ ਕਿਹਾ ਕਿ ਜਦੋਂ ਚੰਦਭਾਨ ਦੀ ਘਟਨਾ ਹੋਈ, ਉਹ ਇੱਥੇ ਨਹੀਂ ਸਨ ਅਤੇ ਬਾਹਰ ਗਏ ਹੋਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਜੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਤਾਂ ਉਨ੍ਹਾਂ ਮਾਮਲਾ ਉਸੇ ਵਕਤ ਹੱਲ ਕਰਵਾ ਦੇਣਾ ਸੀ।