ਚੰਡੀਮੰਦਰ ਕਮਾਂਡ ਹਸਪਤਾਲ ਨੂੰ ਆਈਸੀਯੂ, ਓਟੀ ਕੰਪਲੈਕਸ ਮਿਲਿਆ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 10 ਜਨਵਰੀ
ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਵੱਲੋਂ ਕਮਾਂਡ ਹਸਪਤਾਲ ਚੰਡੀਮੰਦਰ ਵਿੱਚ ਇੱਕ ਅਤਿ-ਆਧੁਨਿਕ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਅਤੇ ਆਪ੍ਰੇਸ਼ਨ ਥੀਏਟਰ (ਓਟੀ) ਕੰਪਲੈਕਸ ਦਾ ਉਦਘਾਟਨ ਕੀਤਾ ਗਿਆ। ਆਰਮੀ ਕਮਾਂਡਰ ਨੇ ਹਸਪਤਾਲ ਟੀਮ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਥਿਆਰਬੰਦ ਬਲਾਂ ਦੇ ਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਆਧੁਨਿਕ ਡਾਕਟਰੀ ਸਹੂਲਤਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨਵੀਆਂ ਸਹੂਲਤਾਂ ਦੀ ਪ੍ਰਸ਼ੰਸਾ ਕੀਤੀ ਅਤੇ ਫ਼ੌਜ ਦੀ ਡਾਕਟਰੀ ਤਿਆਰੀ ਅਤੇ ਸਮਰੱਥਾਵਾਂ ਨੂੰ ਵਧਾਉਣ ਵਿੱਚ ਇਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਜਿਸ ਨਾਲ ਸੈਨਿਕਾਂ ਦੀ ਸਿਹਤ ਸੰਭਾਲ ਅਤੇ ਇਲਾਜ ਵਿੱਚ ਤੇਜ਼ੀ ਆਵੇਗੀ। ਨਵਾਂ ਕੰਪਲੈਕਸ ਨਵੀਨਤਮ ਮੈਡੀਕਲ ਤਕਨਾਲੋਜੀਆਂ ਨਾਲ ਲੈਸ ਹੈ, ਜੋ ਬਿਹਤਰ ਕ੍ਰਿਟਿਕਲ ਕੇਅਰ ਤੇ ਸਰਜੀਕਲ ਸੂਖਮਤਾ ਨੂੰ ਯਕੀਨੀ ਬਣਾਉਂਦਾ ਹੈ। ਇਸ ਕੰਪਲੈਕਸ ਵਿੱਚ ਸੱਤ ਅਪਰੇਟਿੰਗ ਸੂਟ ਅਤੇ ਇੱਕ 16-ਬੈੱਡਾਂ ਵਾਲਾ ਆਈਸੀਯੂ ਹੈ, ਜਿਸ ਦਾ ਨਵੀਨੀਕਰਨ ਕੀਤਾ ਗਿਆ ਹੈ। ਓਟੀ ਆਧੁਨਿਕ ਉਪਕਰਨਾਂ ਨਾਲ ਲੈਸ ਹਨ, ਜਿਸ ਵਿੱਚ ਸਟੇਨਲੈਸ ਸਟੀਲ ਅਤੇ ਅਲਟ੍ਰੋਸ ਕਲੈਡ-ਡਿੰਗ, ਇਲੈਕਟ੍ਰੋ-ਕੰਡਕਟਿਵ ਵਿਨਾਇਲ ਫਲੋਰਿੰਗ, ਅਤੇ ਹਰਮੇਟਿਕਲੀ ਸੀਲਡ ਸੈਂਸਰ ਦਰਵਾਜ਼ੇ, ਵੇਰੀਏਬਲ ਰੈਫ੍ਰਿਜਰੈਂਟ ਫਲੋਅ (ਵੀਆਰਐੱਫ) ਸਿਸਟਮ ਲੈਮੀਨਰ ਫਲੋਅ ਅਤੇ ਐੱਚਈਪੀਏ ਫਿਲਟਰ ਸ਼ਾਮਲ ਹਨ ਤਾਂ ਜੋ ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਇਆ ਜਾ ਸਕੇ। ਕੰਪਲੈਕਸ ਨੂੰ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਕਿ ਪੱਛਮੀ ਕਮਾਂਡ ਦੀ ਪ੍ਰਮੁੱਖ ਸਿਹਤ ਸੰਭਾਲ ਸੇਵਾਵਾਂ ਦੀ ਵਚਨਬੱਧਤਾ ਵੱਲ ਵੱਡੇ ਕਦਮ ਨੂੰ ਦਰਸਾਉਂਦਾ ਹੈ।