ਚੰਡੀਗੜ੍ਹ ਦੇ ਸਨਅਤਕਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ‘ਆਰ-ਪਾਰ’ ਦਾ ਸੰਘਰਸ਼ ਵਿੱਢਿਆ
ਮੁਕੇਸ਼ ਕੁਮਾਰ
ਚੰਡੀਗੜ੍ਹ, 12 ਸਤੰਬਰ
ਚੰਡੀਗੜ੍ਹ ਸ਼ਹਿਰ ਦੇ ਸਨਅਤਕਾਰਾਂ ਤੇ ਵਪਾਰੀਆਂ ਨੇ ‘ਵਪਾਰੀ ਏਕਤਾ ਮੰਚ’ ਦੇ ਬੈਨਰ ਹੇਠ ‘ਜੁਆਇੰਟ ਫੋਰਮ ਆਫ ਇੰਡਸਟਰੀਜ਼ ਐਂਡ ਟਰੇਡਰਜ਼’ ਦੇ ਸਹਿਯੋਗ ਨਾਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਨਅਤੀ ਇਕਾਈਆਂ ਦੀਆਂ ਇਮਾਰਤਾਂ ਲੋੜ ਅਨੁਸਾਰ ਕੀਤੀਆਂ ਤਬਦੀਲੀਆਂ ਸਬੰਧੀ ਭੇਜੇ ਨੋਟਿਸਾਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਮੰਗਾਂ ਬਾਰੇ ਸਨਅਤੀ ਖੇਤਰ ਫੇਜ਼-2 ਮੁਕੰਮਲ ਬੰਦ ਰੱਖਿਆ। ਪ੍ਰਦਰਸ਼ਨ ਕਰਨ ਵਾਲੇ ਸਨਅਤਕਾਰਾਂ ਅਤੇ ਵਪਾਰੀਆਂ ਨੇ ਆਪਣੀਆਂ ਕਾਰਾਂ ਅੱਗੇ ਖੜ੍ਹ ਕੇ ਲੋਕਾਂ ਤੋਂ ਭੀਖ ਮੰਗੀ ਤੇ ਪ੍ਰਸ਼ਾਸਨ ਵਲੋਂ ਉਲੰਘਣਾ ਅਤੇ ਦੁਰਵਰਤੋਂ ਬਾਰੇ ਭੇਜੇ ਨੋਟਿਸਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ। ਪ੍ਰਸ਼ਾਸਨ ਦੇ ਰਵੱਈਏ ਤੋਂ ਨਿਰਾਸ਼ ਸਨਅਤਕਾਰਾਂ ਨੇ ਮੋਰਚਾ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ।
ਵਪਾਰਕ ਏਕਤਾ ਮੰਚ ਦੇ ਬੈਨਰ ਹੇਠ ਸ਼ਹਿਰ ਦੇ ਸਨਅਤਕਾਰਾਂ ਤੇ ਵਪਾਰੀਆਂ ਨੇ ‘ਕਰੋ ਜਾਂ ਮਰੋ’ ਦੀ ਨੀਤੀ ਅਪਣਾਉਂਦੇ ਹੋਏ ਅੱਜ ਅਤੇ ਭਲਕੇ ਦੋ ਦਿਨ ਉਦਯੋਗਿਕ ਇਕਾਈਆਂ ਬੰਦ ਰੱਖ ਕੇ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਮੰਚ ਦੇ ਪ੍ਰਧਾਨ ਯੋਗੇਸ਼ ਕਪੂਰ ਅਤੇ ਸਕੱਤਰ ਦੀਪਕ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਦੇ ਸਨਅਤਕਾਰਾਂ ਅਤੇ ਵਪਾਰੀਆਂ ਖ਼ਿਲਾਫ਼ ਰਵੱਈਏ ਕਾਰਨ ਸਨਅਤਕਾਰ ਅਤੇ ਵਪਾਰੀ ਚੰਡੀਗੜ੍ਹ ਛੱਡਣ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਾਰੋਬਾਰ ਨੂੰ ਬਚਾਉਣ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣ ਲਈ ਦੋ ਦਿਨ ਸਨਅਤੀ ਖੇਤਰ ਮੁਕੰਮਲ ਤੌਰ ’ਤੇ ਬੰਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਹਿਤ ਅੱਜ ਪਹਿਲੇ ਦਿਨ ਵਪਾਰੀਆਂ ਨੇ ਆਪਣੀਆਂ ਕਾਰਾਂ ਦਾ ਕਾਫ਼ਲਾ ਕੱਢਿਆ ਅਤੇ ਲੋਕਾਂ ਤੋਂ ਭੀਖ ਮੰਗ ਕੇ ਪ੍ਰਸ਼ਾਸਨ ਤੋਂ ਨੋਟਿਸ ਰੱਦ ਕਰਨ ਦੀ ਮੰਗ ਕੀਤੀ। ਸਨਅਤਕਾਰਾਂ ਤੇ ਵਪਾਰੀਆਂ ਨੇ ਪ੍ਰਦਰਸ਼ਨ ਦੌਰਾਨ ਰੋਸ ਮਾਰਚ ਕੀਤਾ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਮੰਚ ਸਕੱਤਰ ਦੀਪਕ ਸ਼ਰਮਾ ਨੇ ਦੱਸਿਆ ਕਿ ਭਲਕੇ ਹੜਤਾਲ ਦੇ ਦੂਜੇ ਦਿਨ ਉਹ ਭੀਖ ਮੰਗ ਕੇ ਇਕੱਠੀ ਕੀਤੀ ਰਕਮ ਸਣੇ ਪ੍ਰਸ਼ਾਸਨ ਦੇ ਦਫ਼ਤਰ ਵਿੱਚ ਪਹੁੰਚ ਕੇ ਪ੍ਰਸ਼ਾਸਨ ਵੱਲੋਂ ਜਾਰੀ ਉਲੰਘਣਾ ਦੇ ਨੋਟਿਸਾਂ ਨੂੰ ਰੱਦ ਕਰਨ ਦੀ ਮੰਗ ਕਰਨਗੇ। ਜੇ ਇਸ ਤੋਂ ਬਾਅਦ ਵੀ ਪ੍ਰਸ਼ਾਸਨ ਨਹੀਂ ਮੰਨਦਾ ਤਾਂ ਸਮੂਹ ਵਪਾਰੀ ਆਪਣੇ ਕਾਰੋਬਾਰੀ ਅਦਾਰਿਆਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਸੌਂਪਣਗੇ ਤੇ ਚੰਡੀਗੜ੍ਹ ਛੱਡਣ ਦੀ ਸਹੁੰ ਚੁੱਕਣਗੇ। ਇਸ ਕਾਰਨ ਚੰਡੀਗੜ੍ਹ ਵਿੱਚ ਕਾਰੋਬਾਰ ਕਰਨਾ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਹੱਕੀ ਮੰਗਾਂ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਵੀ ਮਿਲ ਚੁੱਕੇ ਹਨ।