ਚੰਡੀਗੜ੍ਹ ਆਰਐੱਲਏ ਨੇ ਕੀਤੀ ਰਿਕਾਰਡ ਕਮਾਈ
ਮੁਕੇਸ਼ ਕੁਮਾਰ
ਚੰਡੀਗੜ੍ਹ, 6 ਫ਼ਰਵਰੀ
ਚੰਡੀਗੜ੍ਹ ਪ੍ਰਸ਼ਾਸਨ ਦੇ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਨੇ ਵਾਹਨਾਂ ਦੀ ਰਜਿਸਟਰੇਸ਼ਨ ਅਤੇ ਨੰਬਰਾਂ ਤੋਂ ਸਾਲ 2021 ਦੇ ਮੁਕਾਬਲੇ ਸਾਲ 2022 ਵਿੱਚ ਰਿਕਾਰਡ ਕਮਾਈ ਕੀਤੀ ਹੈ। ਮਹਿਕਮੇ ਦੇ ਅਧਿਕਾਰੀਆਂ ਨਾਲ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਅਤੇ ਸਕੱਤਰ ਟ੍ਰਾਂਸਪੋਰਟ ਨਾਲ ਹੋਈ ਸਮੀਖਿਆ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਆਰਐਲਏ ਨੂੰ ਨਵੇਂ ਵਾਹਨਾਂ ਦੇ ਟੈਕਸ, ਪੁਰਾਣੇ ਰਜਿਸਟ੍ਰੇਸ਼ਨ ਨੰਬਰਾਂ ਨੂੰ ਬਰਕਰਾਰ ਰੱਖਣਾ, ਫੈਂਸੀ ਜਾਂ ਮਨਪਸੰਦ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਤੋਂ ਪਿਛਲੇ ਸਾਲ 2021 (1 ਜਨਵਰੀ 2021 ਤੋਂ 31 ਦਸੰਬਰ 2021) ਦੇ ਮੁਕਾਬਲੇ ਸਾਲ 2022 (1 ਜਨਵਰੀ 2022 ਤੋਂ 31 ਦਸੰਬਰ 2022) ਦੀ ਕਮਾਈ ਵਿੱਚ ਵਾਧਾ ਹੋਇਆ ਹੈ। ਆਰਐਲਏ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਮਹਿਕਮੇ ਨੂੰ ਸਾਲ 2021 ਵਿੱਚ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਦੀ ਕਮਾਈ 149 ਕਰੋੜ 80 ਲੱਖ ਰੁਪਏ ਦੇ ਮੁਕਾਬਲੇ ਸਾਲ 2022 ਵਿੱਚ 204 ਕਰੋੜ 30 ਲੱਖ ਰੁਪਏ ਦਾ ਮਾਲੀਆ ਹਾਸਲ ਹੋਇਆ ਹੈ, ਜੋ ਕਿ 36 ਫੀਸਦ ਵੱਧ ਬੈਠਦਾ ਹੈ। ਇਸੇ ਤਰ੍ਹਾਂ ਪੁਰਾਣੇ ਰਜਿਸਟ੍ਰੇਸ਼ਨ ਨੰਬਰਾਂ ਨੂੰ ਬਰਕਰਾਰ ਰੱਖਣ ਦੀ ਫੀਸ ਵਜੋਂ ਮਹਿਕਮੇ ਨੂੰ ਸਾਲ 2021 ਵਿੱਚ ਹੋਈ ਕਮਾਈ 29 ਲੱਖ ਰੁਪਏ ਦੇ ਮੁਕਾਬਲੇ 2022 ਵਿੱਚ 40 ਲੱਖ ਰੁਪਏ ਦਾ ਮਾਲੀਆ ਹਾਸਲ ਹੋਇਆ ਹੈ, ਜੋ ਕਿ 38 ਫ਼ੀਸਦ ਵੱਧ ਬੈਠਦਾ ਹੈ। ਮਹਿਕਮੇ ਨੂੰ ਫੈਂਸੀ ਜਾਂ ਮਨਪਸੰਦ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਤੋਂ ਸਾਲ 2021 ਵਿੱਚ 7 ਕਰੋੜ 72 ਲੱਖ ਰੁਪਏ ਦੇ ਮੁਕਾਬਲੇ ਸਾਲ 2022 ਵਿੱਚ 12 ਕਰੋੜ 84 ਲੱਖ ਰੁਪਏ ਦੀ ਕਮਾਈ ਹੋਈ ਹੈ, ਜੋ ਕਿ 66 ਫ਼ੀਸਦ ਵੱਧ ਬੈਠਦੀ ਹੈ। ਆਰਐਲਏ ਦਫ਼ਤਰ ਦੇ ਕੰਮਕਾਜ ਦੀ ਸਮੀਖਿਆ ਦੌਰਾਨ ਸਕੱਤਰ ਟਰਾਂਸਪੋਰਟ ਨਿਤਿਨ ਕੁਮਾਰ ਯਾਦਵ ਅਤੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਆਰਐਲਏ ਦਫ਼ਤਰ ਦੇ ਮਾਲੀਆ ਉਗਰਾਹੀ ਦੇ ਅੰਕੜਿਆਂ ਵਿੱਚ ਵਾਧੇ ਦੀ ਸ਼ਲਾਘਾ ਕੀਤੀ। ਆਰਐਲਏ ਅਧਿਕਾਰੀ ਪ੍ਰਦੁਮਣ ਸਿੰਘ ਨੇ ਆਰਐਲਏ ਦਫ਼ਤਰ ਨਾਲ ਬਿਨਾਂ ਕਿਸੇ ਮੁਸ਼ਕਲ ਦੇ ਲੈਣ-ਦੇਣ ਨੂੰ ਯਕੀਨੀ ਬਣਾਉਣ ਲਈ ਚੰਡੀਗੜ੍ਹ ਦੇ ਵਸਨੀਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਆਨਲਾਈਨ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
ਧੋਖਾਧੜੀ ਦੇ ਮਾਮਲੇ ਵਿੱਚ ਕਾਰ ੲੇਜੰਸੀ ਸਮੇਤ ਦੋਸ਼ੀਆਂ ਵਿਰੁੱਧ ਕਾਰਵਾਈ ਦੇ ਹੁਕਮ
ਚੰਡੀਗੜ੍ਹ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਇੱਕ ਕਾਰ ਏਜੰਸੀ ਦੀ ਸ਼ਮੂਲੀਅਤ ਨਾਲ ਧੋਖਾਧੜੀ ਕਰਨ ਵਾਲੇ ਪਤੇ ‘ਤੇ ਆਧਾਰ ਕਾਰਡ ਦੀ ਦੁਰਵਰਤੋਂ ਸਬੰਧੀ ਸ਼ਿਕਾਇਤ ‘ਤੇ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ। ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਅਜਿਹੇ ਮਾਮਲਿਆਂ ਵਿੱਚ ਕਾਰ ਰਜਿਸਟ੍ਰੇਸ਼ਨ ਸਰਟੀਫਿਕੇਟ ਰੱਦ ਕਰਨ ਅਤੇ ਕਾਰ ਏਜੰਸੀ ਸਮੇਤ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਗਰ ਨਿਗਮ ਨੇ ਜ਼ਬਤ ਕੀਤੀਆਂ ਲਾਵਾਰਸ ਵਸਤਾਂ ਦੀ ਨਿਲਾਮੀ ਤੋਂ ਲੱਖਾਂ ਰੁਪਏ ਕਮਾਏ
ਚੰਡੀਗੜ੍ਹ ਨਗਰ ਨਿਗਮ ਗੈਰ ਰਜਿਸਟਰਡ ਅਤੇ ਅਣਅਧਿਕਾਰਤ ਵੈਂਡਰਾਂ ਦੇ ਚਲਾਨ ਕੱਟ ਕੇ ਜ਼ਬਤ ਕੀਤੀਆਂ ਲਾਵਾਰਸ ਵਸਤੂਆਂ ਦੀ ਨਿਲਾਮੀ ਕਰਕੇ 44 ਲੱਖ 82 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਸਾਰੇ ਹਿੱਸਿਆਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਿਯਮਤ ਤੌਰ ‘ਤੇ ਮੁਹਿੰਮ ਚਲਾਈ ਜਾਂਦੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਦਾ ਸਾਮਾਨ ਜ਼ਬਤ ਕੀਤਾ ਜਾਂਦਾ ਹੈ। ਜ਼ਬਤ ਕੀਤੀਆਂ ਲਾਵਾਰਸ ਵਸਤੂਆਂ ਦੀ ਨਿਲਾਮੀ ਕੀਤੀ ਗਈ ਹੈ, ਜਿਸ ਤੋਂ ਨਗਰ ਨਿਗਮ ਨੂੰ ਚੋਖੀ ਕਮਾਈ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ 1 ਜੁਲਾਈ 2021 ਤੋਂ 30 ਅਪ੍ਰੈਲ 2022 ਤੱਕ ਰਜਿਸਟਰਡ ਸਟ੍ਰੀਟ ਵਿਕਰੇਤਾਵਾਂ ਦੇ ਚਲਾਨ ਕੱਟ ਕੇ ਜ਼ਬਤ ਕੀਤੇ ਗਏ ਲਾਵਾਰਿਸ ਸਾਮਾਨ ਦੀ ਨਿਲਾਮੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਲਾਵਾਰਸ ਵਸਤੂਆਂ ਲਗਪਗ ਦੋ ਸਾਲ ਪਹਿਲਾਂ ਜ਼ਬਤ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਦੇ ਮਾਲਕ ਇਨ੍ਹਾਂ ਨੂੰ ਛੁਡਵਾਉਣ ਲਈ ਨਹੀਂ ਆਏ ਸਨ। ਉਨ੍ਹਾਂ ਦੱਸਿਆ ਕਿ ਇਹ ਸਾਮਾਨ ਨਗਰ ਨਿਗਮ ਦੇ ਸਟੋਰ ਵਿੱਚ ਡੰਪ ਪਿਆ ਸੀ। ਉਨ੍ਹਾਂ ਕਿਹਾ ਕਿ ਲਾਵਾਰਸ ਵਸਤੂਆਂ ਦੀ ਨਿਲਾਮੀ ਨਗਰ ਨਿਗਮ ਵੱਲੋਂ ਉਚਿਤ ਪ੍ਰਕਿਰਿਆ ਤੋਂ ਬਾਅਦ ਕੀਤੀ ਗਈ ਹੈ।