ਚੰਡੀਗੜ੍ਹੀਆਂ ਵੱਲੋਂ ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਪ੍ਰਦਰਸ਼ਨ
ਕੁਲਦੀਪ ਸਿੰਘ
ਚੰਡੀਗੜ੍ਹ, 7 ਜਨਵਰੀ
ਯੂਟੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਜਲੀ ਵਿਭਾਗ ਦੇ ਕੀਤੇ ਜਾ ਰਹੇ ਨਿੱਜੀਕਰਨ ਦਾ ਜਿੱਥੇ ਬਿਜਲੀ ਕਾਮਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਹੁਣ ਇਸ ਫ਼ੈਸਲੇ ਖ਼ਿਲਾਫ਼ ਸ਼ਹਿਰ ਦੇ ਲੋਕ ਵੀ ਖੜ੍ਹੇ ਹੋ ਗਏ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਆਪਣੇ ਫ਼ੈਸਲੇ ’ਤੇ ਬਜ਼ਿੱਦ ਹੈ ਜਦੋਂਕਿ ਮੁਲਾਜ਼ਮਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਹਰ ਰੋਜ਼ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।
ਅੱਜ ਵੀ ਇਸ ਸੰਘਰਸ਼ ਦੀ ਕੜੀ ਵਜੋਂ ਸੈਕਟਰ-56 ਵਿੱਚ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਧਰਨਾਕਾਰੀਆਂ ਨਾਲ ਸ਼ਾਮਲ ਔਰਤਾਂ ਤੇ ਬੱਚਿਆਂ ਨੇ ਨਿੱਜੀਕਰਨ ਵਿਰੋਧੀ ਤਖ਼ਤੀਆਂ ਨਾਲ ਆਪਣਾ ਰੋਸ ਜ਼ਾਹਰ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਅੱਜ ਦਾ ਇਹ ਪ੍ਰਦਰਸ਼ਨ ਸੈਕਟਰ-56 ਦੇ ਜਾਮਣ ਚੌਕ ਤੋਂ ਸ਼ੁਰੂ ਹੋ ਕੇ ਰਿਹਾਇਸ਼ੀ ਖੇਤਰਾਂ ਅਤੇ ਮਾਰਕੀਟ ਵਿੱਚੋਂ ਦੀ ਹੁੰਦਾ ਹੋਇਆ ਮੁੜ ਇਸੇ ਸਥਾਨ ’ਤੇ ਆ ਕੇ ਸਮਾਪਤ ਹੋਇਆ।
ਪ੍ਰਦਰਸ਼ਨ ਦੀ ਅਗਵਾਈ ਕਰਨੇ ਵਾਲੇ ਪ੍ਰਧਾਨ ਅਰਦਾਸ ਫਾਊਂਡੇਸ਼ਨ ਗੁਰਦੀਪ ਸਿੰਘ ਸੈਣੀ, ਨੌਜਵਾਨ ਕਿਸਾਨ ਏਕਤਾ ਦੇ ਆਗੂ ਕਿਰਪਾਲ ਸਿੰਘ ਅਤੇ ਪੇਂਡੂ ਸੰਘਰਸ਼ ਕਮੇਟੀ ਦੇ ਆਗੂ ਅਤੇ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਅਤੇ ਲੋਕਾਂ ਦੇ ਸੰਘਰਸ਼ ਨੂੰ ਅੱਜ ਪੂਰਾ ਮਹੀਨਾ ਹੋ ਗਿਆ ਹੈ ਪਰ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰਸ਼ਾਸਨ ਆਪਣਾ ਇਹ ਲੋਕ ਮਾਰੂ ਫ਼ੈਸਲਾ ਵਾਪਸ ਨਹੀਂ ਲੈ ਲੈਂਦਾ।
ਬੁਲਾਰਿਆਂ ਨੇ ਕਿਹਾ ਕਿ ਜੇ ਭਾਜਪਾ ਦੀ ਕੇੇਂਦਰ ਸਰਕਾਰ ਨੂੰ ਜ਼ਰਾ ਜਿੰਨਾ ਵੀ ਲੋਕਤੰਤਰ ਦਾ ਖ਼ਿਆਲ ਹੈ ਤਾਂ ਚੰਡੀਗੜ੍ਹ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਅਤੇ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਅੜੀਅਲ ਰਵੱਈਆ ਤਿਆਗ ਕੇ ਲੋਕ ਹਿਤ ਵਿੱਚ ਨਿੱਜੀਕਰਨ ਰੱਦ ਕਰਨਾ ਚਾਹੀਦਾ ਹੈ।