ਚੰਡੀਗੜ੍ਹ ਵਿੱਚ ਇਲੈਕਟ੍ਰਿਕ ਕਾਰਾਂ ਖ਼ਰੀਦਣ ਵਾਲਿਆਂ ਨੂੰ ਨਹੀਂ ਮਿਲੇਗੀ ਪ੍ਰੋਤਸਾਹਨ ਰਾਸ਼ੀ
ਆਤਿਸ਼ ਗੁਪਤਾ
ਚੰਡੀਗੜ੍ਹ, 15 ਮਈ
ਚੰਡੀਗੜ੍ਹ ਵਿੱਚ ਇਲੈਕਟ੍ਰਿਕ ਕਾਰਾਂ ਖ਼ਰੀਦਣ ਵਾਲਿਆਂ ਨੂੰ ਪ੍ਰੋਤਸਾਹਨ ਰਾਸ਼ੀ ਨਹੀਂ ਮਿਲੇਗੀ। ਯੂਟੀ ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਕਾਰਾਂ ਖਰੀਦਣ ਵਾਲਿਆਂ ਨੂੰ ਪ੍ਰੋਤਸਾਹਨ ਰਾਸ਼ੀ ਦੇਣ ਦਾ ਕੋਟਾ ਖਤਮ ਹੋ ਗਿਆ ਹੈ। ਚੰਡੀਗੜ੍ਹ ਵਿੱਚ ਈਵੀ ਨੀਤੀ ਨੂੰ ਸਤੰਬਰ 2022 ਵਿੱਚ ਲਾਗੂ ਕੀਤਾ ਗਿਆ ਸੀ। ਇਸ ਨੀਤੀ ਅਨੁਸਾਰ ਚੰਡੀਗੜ੍ਹ ਵਿੱਚ ਪਹਿਲੀਆਂ 2,000 ਇਲੈਕਟ੍ਰਿਕ ਕਾਰਾਂ ਖਰੀਦਣ ਵਾਲਿਆਂ ਨੂੰ 1.5 ਲੱਖ ਰੁਪਏ ਤੱਕ ਪ੍ਰੋਤਸਾਹਨ ਰਾਸ਼ੀ ਦੇਣ ਦਾ ਫ਼ੈਸਲਾ ਕੀਤਾ ਸੀ, ਜੋ ਕਿ ਖਤਮ ਹੋ ਚੁੱਕਾ ਹੈ। ਹੁਣ ਚੰਡੀਗੜ੍ਹ ਵਿੱਚ ਨਵੇਂ ਖ਼ਰੀਦਦਾਰਾਂ ਨੂੰ ਪ੍ਰੋਤਸਾਹਨ ਰਾਸ਼ੀ ਨਹੀਂ ਮਿਲੇਗੀ, ਪਰ ਉਹ ਰਜਿਸਟਰੇਸ਼ਨ ਫੀਸ ਅਤੇ ਰੋਡ ਟੈਕਸ ’ਤੇ ਪੂਰੀ ਛੋਟ ਵਰਗੇ ਹੋਰ ਲਾਭ ਪ੍ਰਾਪਤ ਕਰ ਸਕਦੇ ਹਨ। ਚੰਡੀਗੜ੍ਹ ਦੀ ਈਵੀ ਨੀਤੀ ਅਨੁਸਾਰ 42,000 ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਨੂੰ ਪ੍ਰੋਤਸਾਹਨ ਰਾਸ਼ੀ ਦੇਣ ਦਾ ਫ਼ੈਸਲਾ ਕੀਤਾ ਸੀ। ਇਸ ਵਿੱਚ ਪਹਿਲੇ 25,000 ਈ-ਸਾਈਕਲਾਂ ਦੇ ਖਰੀਦਦਾਰਾਂ ਨੂੰ 3,000 ਰੁਪਏ, ਪਹਿਲੇ 10,000 ਦੋ-ਪਹੀਆ ਵਾਹਨਾਂ ਦੇ ਖਰੀਦਦਾਰਾਂ ਨੂੰ 30,000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਣੀ ਸੀ। ਇਸ ਵਿੱਚੋਂ ਇਲੈਕਟ੍ਰਿਕ ਦੋ-ਪਹੀਆਂ ਵਾਹਨਾਂ ਦੇ 6 ਹਜ਼ਾਰ ਖਰੀਦਦਾਰਾਂ ਨੇ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕੀਤੀ ਹੈ, ਜਦੋਂ ਕਿ ਈ-ਸਾਈਕਲ ਦਾ ਇਕ ਵੀ ਖਰੀਦਦਾਰ ਪ੍ਰੋਤਸਾਹਨ ਰਾਸ਼ੀ ਲੈਣ ਲਈ ਅੱਗੇ ਨਹੀਂ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 20 ਅਪਰੈਲ ਤੱਕ ਸ਼ਹਿਰ ਵਿੱਚ ਇਲੈਕਟ੍ਰਿਕ ਵਾਹਨ ਦੇ ਖਰੀਦਦਾਰਾਂ ਨੂੰ 34.24 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਗਈ ਹੈ।