ਚੰਡੀਗੜ੍ਹ ਭਾਜਪਾ ਵੱਲੋਂ ਸੈਕਟਰ-17 ਵਿੱਚ ਤਿਰੰਗਾ ਯਾਤਰਾ
ਆਤਿਸ਼ ਗੁਪਤਾ
ਚੰਡੀਗੜ੍ਹ, 15 ਮਈ
ਚੰਡੀਗੜ੍ਹ ਭਾਜਪਾ ਨੇ ਭਾਰਤੀ ਫੌਜ ਵੱਲੋਂ ‘ਅਪਰੇਸ਼ਨ ਸਿੰਦੂਰ’ ਨੂੰ ਦਿੱਤੇ ਅੰਜ਼ਾਮ ਤੋਂ ਬਾਅਦ ਭਾਰਤੀ ਫੌਜ ਦੇ ਸਨਮਾਨ ਵਿੱਚ ਅੱਜ ਚੰਡੀਗੜ੍ਹ ਦੇ ਸੈਕਟਰ-17 ਵਿੱਚ ‘ਤਿਰੰਗਾ ਯਾਤਰਾ’ ਕੱਢੀ ਗਈ ਹੈ। ਇਸ ਮੌਕੇ 2500 ਦੇ ਕਰੀਬ ਲੋਕਾਂ ਨੇ ਹੱਥਾਂ ਦੇ ਤਿਰੰਗਾ ਲੈ ਕੇ ਸੜਕਾਂ ’ਤੇ ਪੈਦਲ ਮਾਰਚ ਕੀਤਾ ਗਿਆ। ਇਸ ਮੌਕੇ ਨੌਜਵਾਨ, ਔਰਤਾਂ, ਬਜ਼ੁਰਗ ਅਤੇ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਵੀ ਮੌਜੂਦ ਰਹੇ। ਇਸ ‘ਤਿਰੰਗਾ ਯਾਤਰਾ’ ਵਿੱਚ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸਾਬਕਾ ਪ੍ਰਧਾਨ ਸੰਜੈ ਟੰਡਨ, ਮੇਅਰ ਹਰਪ੍ਰੀਤ ਕੌਰ ਬਬਲਾ, ਸਾਬਕਾ ਪ੍ਰਧਾਨ ਅਰੁਣ ਸੂਦ ਅਤੇ ਵੱਡੀ ਗਿਣਤੀ ਵਿੱਚ ਭਾਜਪਾਈ ਮੌਜੂਦ ਰਹੇ।
ਸ੍ਰੀ ਮਲਹੋਤਰਾ ਨੇ ਭਾਰਤੀ ਫੌਜ ਵੱਲੋਂ ਅਤਿਵਾਦ ਵਿਰੁੱਧ ਚਲਾਏ ਗਏ ‘ਅਪਰੇਸ਼ਨ ਸਿੰਦੂਰ’ ਨੂੰ ਇਤਿਹਾਸਕ ਕਰਾਰਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਨੂੰ ਅਸਮਾਨ ਵਿੱਚ ਨਸ਼ਟ ਕਰਕੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਸੁਰੱਖਿਆ ਦੇ ਖੇਤਰ ਵਿੱਚ ਵਧੇਰੇ ਅੱਗੇ ਵੱਧ ਚੁੱਕਾ ਹੈ। ਹੁਣ ਉਹ ਪਾਕਿਸਤਾਨ ਦੇ ਹਮਲਿਆਂ ਤੋਂ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਲੜਾਈ ਪਹਿਲੇ ਦਿਨ ਤੋਂ ਅਤਿਵਾਦ ਦੇ ਖ਼ਿਲਾਫ਼ ਰਹੀ ਹੈ, ਜੋ ਕਿ ਭਵਿੱਖ ਵਿੱਚ ਵੀ ਜਾਰੀ ਰਹੇਗੀ। ਇਸੇ ਕਰਕੇ ਭਾਰਤੀ ਫੌਜ ਨੇ ‘ਅਪਰੇਸ਼ਨ ਸਿੰਦੂਰ’ ਤਹਿਤ ਆਮ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ, ਬਲਕਿ ਪਾਕਿਸਤਾਨ ਵਿੱਚ ਅਤਿਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਵਿੱਚ ਬੈਠੇ ਅਤਿਵਾਦੀਆਂ ਵੱਲੋਂ ਭਾਰਤ ਨਾਲ ਮੁੜ ਤੋਂ ਕੋਈ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮੋੜਵਾਂ ਜਵਾਬ ਦਿੱਤਾ ਜਾਵੇਗਾ।
ਅੰਬਾਲਾ ’ਚ ਵੀ ਗੂੰਜੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ
ਅੰਬਾਲਾ (ਸਰਬਜੀਤ ਸਿੰਘ ਭੱਟੀ): ਅੰਬਾਲਾ ਸ਼ਹਿਰ ਦੇ ਜਗਾਧਰੀ ਗੇਟ ਤੋਂ ਤਿਰੰਗਾ ਯਾਤਰਾ ਕੱਢੀ ਗਈ। ਇਸ ਯਾਤਰਾ ਦੀ ਅਗਵਾਈ ਰਾਜ ਸਭਾ ਮੈਂਬਰ ਰੇਖਾ ਸ਼ਰਮਾ ਅਤੇ ਸਾਬਕਾ ਰਾਜ ਮੰਤਰੀ ਅਸੀਮ ਗੋਇਲ ਨੇ ਕੀਤੀ। ਯਾਤਰਾ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਮੇਅਰ ਸ਼ੈਲਜਾ ਸਚਦੇਵਾ, ਸਾਬਕਾ ਵਿਧਾਇਕ ਸੰਤੋਸ਼ ਚੌਹਾਨ ਸਾਰਵਾਂ, ਡਾ. ਪਵਨ ਸੈਣੀ, ਸੂਬਾ ਮੀਤ ਪ੍ਰਧਾਨ ਬੰਤੋ ਕਟਾਰੀਆ, ਐਚ.ਪੀ.ਐਸ.ਸੀ. ਦੀ ਸਾਬਕਾ ਮੈਂਬਰ ਨੀਤਾ ਖੇੜਾ, ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਬੀਨੂ ਗਰਗ ਸਮੇਤ ਅਨੇਕਾਂ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਭਾਰੀ ਗਿਣਤੀ ’ਚ ਭਾਜਪਾ ਵਰਕਰਾਂ ਤੇ ਸ਼ਹਿਰੀ ਵਾਸੀਆਂ ਨੇ “ਵੰਦੇ ਮਾਤਰਮ”, “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਾਏ।