ਚੰਡੀਗੜ੍ਹ ’ਚ ਨਿੱਜੀ ਖੇਤਰ ਦੇ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਿੱਚ ਨਿਗੂਣਾ ਵਾਧਾ
ਆਤਿਸ਼ ਗੁਪਤਾ
ਚੰਡੀਗੜ੍ਹ, 8 ਜਨਵਰੀ
ਚੰਡੀਗੜ੍ਹ ਪ੍ਰਸ਼ਾਸਨ ਦੇ ਕਿਰਤ ਵਿਭਾਗ ਨੇ ਨਿੱਜੀ ਖੇਤਰ ਵਿੱਚ ਸੰਗਠਿਤ ਤੇ ਗੈਰ-ਸੰਗਠਿਤ ਖੇਤਰ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਿੱਚ ਨਿਗੂਣਾ ਵਾਧਾ ਕੀਤਾ ਹੈ। ਕਿਰਤ ਵਿਭਾਗ ਨੇ ਨਿੱਜੀ ਖੇਤਰ ਵਿੱਚ ਕੰਮ ਕਰਨ ਵਾਲੇ ਗੈਰ-ਹੁਨਰਮੰਦ ਤੇ ਹੁਨਰਮੰਦ ਕਾਮਿਆਂ ਦੀ ਉਜਰਤ ਵਿੱਚ ਸਿਰਫ਼ 12 ਰੁਪਏ ਦਿਹਾੜੀ ਦਾ ਵਾਧਾ ਕੀਤਾ ਹੈ। ਇਹ ਵਾਧਾ 1 ਅਕਤੂਬਰ, 2024 ਤੋਂ 31 ਮਾਰਚ, 2025 ਤੱਕ ਲਾਗੂ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਧੇ ਨਾਲ ਗੈਰ-ਹੁਨਰਮੰਦ ਕਾਮਿਆਂ ਦੀ ਆਮਦਨ 544 ਰੁਪਏ ਦਿਹਾੜੀ ਤੋਂ ਵਧਾ ਕੇ 556 ਰੁਪਏ ਕਰ ਦਿੱਤੀ ਹੈ। ਇਸ ਤਰ੍ਹਾਂ ਇਕ ਮਜ਼ਦੂਰ ਦੀ ਆਮਦਨ 13,834 ਰੁਪਏ ਮਹੀਨਾ ਤੋਂ ਵੱਧ ਕੇ 14,142 ਰੁਪਏ ਹੋ ਗਈ ਹੈ। ਮੱਧਮ ਹੁਨਰਮੰਦ ਮਜ਼ਦੂਰਾਂ ਦੀ ਆਮਦਨ 13984 ਰੁਪਏ ਮਹੀਨਾ ਤੋਂ ਵਧ ਕੇ 14,292 ਅਤੇ ਹੁਨਰਮੰਦ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ 14284 ਰੁਪਏ ਮਹੀਨੇ ਤੋਂ ਵੱਧ ਕੇ 14592 ਅਤੇ ਵਾਧੂ ਹੁਨਰਮੰਦ ਮਜ਼ਦੂਰਾਂ ਦੀ ਉਜਰਤ 14909 ਰੁਪਏ ਤੋਂ ਵੱਧ ਕੇ 15217 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕਲਾਸ-3 ਸਟਾਫ ਦੀ ਉਜਰਤ 14109 ਰੁਪਏ ਤੋਂ ਵੱਧ ਕੇ 14417, ਕਲਾਸ-2 ਸਟਾਫ ਦੀ ਉਜਰਤ 14259 ਤੋਂ ਵੱਧ ਕੇ 14567 ਅਤੇ ਕਲਾਸ-1 ਸਟਾਫ ਦੀ ਉਜਰਤ 14619 ਤੋਂ ਵਧਾ ਕੇ 14927 ਰੁਪਏ ਮਹੀਨਾ ਕਰ ਦਿੱਤੀ ਹੈ। ਕਿਰਤ ਵਿਭਾਗ ਦੇ ਕਮਿਸ਼ਨਰ ਨੇ ਯੂਟੀ ਦੀ ਹੱਦ ਵਿੱਚ ਆਉਂਦੀਆਂ ਸਾਰੀਆਂ ਪ੍ਰਾਈਵੇਟ ਫੈਕਟਰੀਆਂ, ਦੁਕਾਨਾਂ ਤੇ ਹੋਰ ਵਪਾਰਕ ਅਦਾਰਿਆਂ ਨੂੰ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਾਮਿਆਂ ਨੂੰ ਪਿਛਲੇ ਤਿੰਨ ਮਹੀਨੇ ਦੇ ਵਾਧੇ ਦਾ ਭੁਗਤਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਕਿਰਤ ਵਿਭਾਗ ਨੇ ਅਕਤੂਬਰ 2024 ਵਿੱਚ ਵਾਧਾ ਕੀਤਾ ਸੀ। ਉਸ ਸਮੇਂ ਕਿਰਤ ਵਿਭਾਗ ਨੇ 1 ਅਪਰੈਲ 2024 ਤੋਂ 30 ਸਤੰਬਰ 2024 ਤੱਕ ਹੁਨਰਮੰਦ ਕਾਮਿਆਂ ਦੀ ਦਿਹਾੜੀ ਵਿੱਚ 6 ਰੁਪਏ ਤੇ ਗੈਰ ਹੁਨਰਮੰਦ ਕਾਮਿਆਂ ਦੀ ਦਿਹਾੜੀ ਵਿੱਚ 7 ਰੁਪਏ ਵਾਧਾ ਕੀਤਾ ਸੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਕੰਮ ਕਰਨ ਵਾਲੇ ਕਾਮਿਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਘੱਟੋ-ਘੱਟ ਉਜਰਤ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ।