ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੌਧਰੀ ਆਉਂਦੇ ਜਾਂਦੇ ਰਹਿਣਗੇ

12:36 AM Jun 10, 2023 IST

ਬਲਦੇਵ ਸਿੰਘ (ਸੜਕਨਾਮਾ)

Advertisement

ਬਹੁਤੇ ਨਗਰ ਵਾਸੀ ਹੈਰਾਨ ਸਨ, ਇਹ ਕਿਵੇਂ ਹੋ ਸਕਦੈ? ਬੰਦਾ ਇਕ, ਉਹ ਵੀ ਸਾਡੇ ਵਰਗਾ ਤੇ ਇੰਨਾ ਗੁਣੀ-ਗਿਆਨੀ ਸਰਵਕਲਾ ਗਿਆਤਾ। ਪਰ ਦੱਸਣ ਵਾਲੇ ਦਾਅਵੇ ਨਾਲ ਆਖਦੇ:

”ਮੈਂ ਉਸ ਨੂੰ ਬੰਸਰੀ ਵਜਾਉਂਦਿਆਂ ਆਪ ਵੇਖਿਐ।”

Advertisement

”ਮੈਂ ਉਸ ਨੂੰ ਖੜਤਾਲਾਂ ਵਜਾਉਂਦਿਆਂ ਵੇਖਿਐ।”

”ਢੋਲ ਪਿੱਟਦਾ ਤਾਂ ਮੈਂ ਵੇਖਿਐ।” ਕੋਈ ਸੁਣਨ

ਵਾਲਾ ਦੱਸਦਾ।

”ਮੈਂ ਉਸ ਨੂੰ ਇਕਤਾਰਾ ਵਜਾਉਂਦਿਆਂ ਸੁਣਿਐ।”

”ਗੱਲ ਕਰਤੀ।” ਇਕ ਹੋਰ ਕੋਈ ਵਧੇਰੇ ਭੇਤੀ ਸੀ।

”ਮੈਂ ਉਸ ਨੂੰ ਬੀਨ ਵਜਾਉਂਦਿਆਂ ਵੇਖਿਐ ਤੇ ਉਹ ਸੱਪ ਵੀ ਫੜ ਲੈਂਦਾ, ਹਾਂ।”

ਨਗਰ ਵਾਸੀ, ਕੁਝ ਸਮੇਂ ਤੋਂ ਬਣੇ ਇਸ ਨਵੇਂ ਚੌਧਰੀ ਦੀਆਂ ਸਿਫਤਾਂ ਸੁਣ ਕੇ ਇਕ ਦੂਸਰੇ ਨਾਲ ਗੱਲਾਂ ਕਰਦੇ: ”ਮੈਨੂੰ ਤਾਂ ਮਨੁੱਖ ਜਾਮੇ ‘ਚ ਆਇਆ ਇਹ ਕੋਈ ਦੇਵਤਾ ਲੱਗਦੈ। ਆਪਣੇ ਨਗਰ ਦਾ ਇਸ ਨੂੰ ਕਿੰਨਾ ਫਿਕਰ ਹੈ।”

”ਇਹ ਤਾਂ ਆਪਣੇ ਨਗਰ ਦਾ ਮਸੀਹਾ ਹੈ।”

”ਜਿਹੜੇ ਮੁਹੱਲੇ ਜਾਂਦੈ, ਉਨ੍ਹਾਂ ਦੀ ਬੋਲੀ ਬੋਲਣ ਲੱਗਦੈ।”

”ਜਿਹੜੇ ਲੋਕਾਂ ਨੂੰ ਮਿਲਦੈ, ਉਨ੍ਹਾਂ ਦਾ ਬਾਣਾ

ਪਹਿਨ ਲੈਂਦਾ।”

”ਹੁਣ ਤਾਂ ਯਕੀਨ ਆਇਆ ਨਾ ਤੁਹਾਨੂੰ।” ਪਹਿਲੇ ਵਿਅਕਤੀਆਂ ਵਿਚੋਂ ਇਕ ਬੋਲਿਆ।

”ਜੇ ਨਵਾਂ ਚੌਧਰੀ ਨਾ ਆਉਂਦਾ ਤਾਂ ਆਪਣਾ ਨਗਰ ਤਾਂ ਸਮਝੋ ਗਿਆ ਸੀ। ਸਦੀਆਂ ਬਾਅਦ ਅਜਿਹਾ ਚੌਧਰੀ ਨਸੀਬ ਹੁੰਦੈ। ਸੱਚੀ ਗੱਲ ਇਹ ਹੈ, ਜੇ ਚੌਧਰੀ ਨਾ ਰਿਹਾ ਤਾਂ ਨਗਰ ਵੀ ਨਹੀਂ ਬਚੇਗਾ। ਉਹ ਮਹਾਂਗਿਆਨੀ ਹੈ, ਵਿਗਿਆਨੀ ਹੈ, ਮਿਥਿਹਾਸ ਦਾ ਗਿਆਤਾ ਹੈ। ਇਤਿਹਾਸ ਦੇ ਗਿਆਨ ਬਾਰੇ ਨਗਰ ‘ਚ ਉਸ ਦਾ ਕੋਈ ਸਾਨੀ ਨਹੀਂ ਹੈ। ਗਣਿਤ ਵਿਦਿਆ ‘ਚ ਮਾਹਰ ਹੈ; ਬ੍ਰਹਿਮੰਡ, ਤਾਰਾ ਮੰਡਲ ਬਾਰੇ ਇੰਨੀ ਜਾਣਕਾਰੀ ਹੈ। ਉਸ ਦਾ ਆਤਮਾ-ਪਰਮਾਤਮਾ ਨਾਲ ਤਾਂ ਸੰਵਾਦ ਹੁੰਦਾ ਹੀ ਰਹਿੰਦਾ ਹੈ।”

ਦੱਸਣ ਵਾਲਿਆਂ ਦੀ ਅਜੇ ਵੀ ਤਸੱਲੀ ਨਾ ਹੁੰਦੀ ਤਾਂ ਕੋਈ ਬੋਲਦਾ: ”ਨਵਾਂ ਚੌਧਰੀ ਮਹਾਨ ਵਿਅਕਤੀ ਹੈ, ਨਿਮਰਤਾ ਵੇਖੋ ਨਗਰਵਾਸੀਆਂ ਦੇ ਸਾਹਮਣੇ ਉਹ ਅੱਧਾ ਝੁਕ ਕੇ ਨਮਸਕਾਰ ਕਰਦਾ ਹੈ। ਲੋੜ ਪੈਣ ‘ਤੇ ਦੰਡਵਤ ਪ੍ਰਣਾਮ ਤੱਕ ਵੀ ਕਰਦਾ ਹੈ। ਤੇ ਹਾਂ, ਪਸ਼ੁੂਆਂ, ਜੰਗਲੀ ਜਾਨਵਰਾਂ, ਪਰਿੰਦਿਆਂ ਨਾਲ ਉਸ ਨੂੰ ਬੇਹੱਦ ਲਗਾਓ ਹੈ।”

ਨਗਰ ਦੇ ਨਵੇਂ ਚੌਧਰੀ ਦੁਆਲੇ ਹਰ ਸਮੇਂ ਸਲਾਹਕਾਰਾਂ ਅਤੇ ਚਾਪਲੂਸਾਂ ਦੀ ਜੁੜੀ ਭੀੜ ਵੇਖ ਕੇ ਪੁਰਾਣੇ ਚੌਧਰੀ ਖੱਲਾਂ-ਖੂੰਜਿਆਂ ‘ਚ ਕਾਨਾਫੂਸੀ ਕਰਨ ਜੋਗੇ ਰਹਿ ਗਏ। ਵਿਆਹ ਵਿਚ ਬੀਅ ਦਾ ਲੇਖਾ ਹੋਰ ਪੈ ਗਿਆ ਜਦੋਂ ਨਵੇਂ ਚੌਧਰੀ ਨੇ ਪੁਰਾਣੇ ਚੌਧਰੀਆਂ ਦੇ ਵਹੀ ਖਾਤੇ ਫਰੋਲਣੇ ਸ਼ੁਰੂ ਕਰ ਦਿੱਤੇ। ਚਰਚਾ ਹੋਣ ਲੱਗੀ:

”ਹੁਣ ਕੁੰਢੀਆਂ ਦੇ ਸਿੰਗ ਫਸਣਗੇ।”

”ਕੁਝ ਵੀ ਹੈ, ਨਗਰ ਨੂੰ ਧਰਤੀ ਪੁੱਤਰ ਮਿਲ ਗਿਆ।”

”ਪਰ ਮੁਹੱਲਿਆਂ ਦਾ ਤਾਂ ਉਹੀ ਹਾਲ ਹੈ।”

”ਨਗਰ ਦੀਆਂ ਬਸਤੀਆਂ ਦੀ ਸਾਰ ਕੌਣ ਲਊ?”

”ਘਾਹੀਆਂ ਨੇ ਤਾਂ ਘਾਹ ਹੀ ਖੋਤਣਾ ਹੈ।”

”ਪਹਿਲਾਂ ਵੀ ਲਾਠੀ ਵਾਲੇ ਦੀ ਮੱਝ ਸੀ, ਹੁਣ ਵੀ ਹੈ।”

”ਨਗਰ ਵਿਚ ਤਬਦੀਲੀ ਨਹੀਂ ਵੇਖਦਾ?”

”ਵੇਖਦਾ ਕਿਉਂ ਨਹੀਂ। ਡੇਰਿਆਂ ਦਾ ਮੂੰਹ-ਮੱਥਾ ਲਿਸ਼ਕਣ ਲੱਗ ਪਿਐ।”

”ਚੌਧਰੀਆਂ ਦੇ ਕਬੀਲੇ-ਕੁਟੁੰਬ ਪਹਿਲਾਂ ਵੀ ਵਧਦੇ ਫੁਲਦੇ ਰਹੇ ਨੇ, ਹੁਣ ਵੀ ਵਧ-ਫੁਲ ਰਹੇ ਨੇ। ਤਬਦੀਲੀ

ਕਿੱਥੇ ਹੈ?”

”ਨਵਾਂ ਚੌਧਰੀ, ਨਵਾਂ ਚੌਧਰੀ ਹੈ ਜਨਾਬ। ਨਗਰ ਦੀ ਭਲਾਈ ਲਈ ਉਸ ਨੇ ਆਪਣਾ ਸਭ ਸੁੱਖ-ਚੈਨ ਤਿਆਗ ਦਿੱਤਾ। ਕਿਸਮਤ ਨਾਲ ਨਗਰ ਨੂੰ ਅਜਿਹਾ ਸੇਵਕ ਮਿਲਿਆ ਹੈ।”

”ਹਰ ਪਾਸੇ ਨਵੇਂ ਚੌਧਰੀ ਦੀ ਨਿੰਦਾ ਵੀ ਤਾਂ ਹੋ ਰਹੀ ਹੈ। ਇੰਨੀ ਹੈਂਕੜ, ਆਖਦੇ ਨੇ ਪਹਿਲਾਂ ਕਿਸੇ ਵਿਚ ਨਹੀਂ ਵੇਖੀ।” ਵਿਰੋਧ ਕਰਨ ਵਾਲਾ ਬੋਲਿਆ।

”ਹੋ ਰਹੀ ਹੋਵੇਗੀ ਨਿੰਦਾ। ਅਸੀਂ ਕਦ ਆਖਿਐ ਨਿੰਦਾ ਨਹੀਂ ਹੋ ਰਹੀ। ਉਸੇ ਬਿਰਖ ਨੂੰ ਪੱਥਰ ਵੱਜਦੇ ਨੇ, ਜਿਸ ਨੂੰ ਵਧੇਰੇ ਫ਼ਲ ਲੱਗੇ ਹੁੰਦੇ ਨੇ। ਪਹਿਲੇ ਚੌਧਰੀਆਂ ਨੇ ਨਗਰ ਦਾ ਕੱਖ ਨਹੀਂ ਸੰਵਾਰਿਆ, ਉਹੀ ਵਧੇਰੇ ਨਿੰਦਾ ਕਰ ਰਹੇ ਨੇ। ਜਿਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋਏ, ਉਹ ਨਿੰਦਾ ਕਰ ਰਹੇ ਨੇ। ਜਿਨ੍ਹਾਂ ਦੀਆਂ ਮਨ ਦੀਆਂ ਮਨ ਵਿਚ ਰਹਿ ਗਈਆਂ, ਉਹ ਨਿੰਦਾ ਕਰਦੇ ਨੇ। ਨਵੇਂ ਚੌਧਰੀ ਨੂੰ ਕੋਈ ਪਰਵਾਹ ਨਹੀਂ। ਉਹ ਬੜਾ ਚਤੁਰ ਹੈ। ਬੋਲੀ ਜਾਓ, ਜੋ ਬੋਲਣੈ, ਨਿੰਦਾ ਕਰੀ ਜਾਓ। ਉਹ ਅਜਿਹਾ ਮੌਨ ਧਾਰਦਾ ਹੈ, ਫਿਰ ਭਾਵੇਂ ਪਾਣੀ ਸਿਰ ਉੱਪਰੋਂ ਦੀ ਵਗ ਜਾਏ, ਮਜ਼ਾਲ ਹੈ ਇਕ ਸ਼ਬਦ ਵੀ ਕਹੇ। ਫਿਰ ਨਿੰਦਾ ਕਰਨ ਵਾਲੇ ਆਪ ਹੀ ਖਿੱਝ ਕੇ, ਝੁੰਜਲਾ ਕੇ ਚੁੱਪ ਹੋ ਜਾਂਦੇ ਨੇ। ਨਾ ਲੜਨ ਦੀ ਲੋੜ ਪੈਂਦੀ ਹੈ ਨਾ ਝਗੜਨ ਦੀ। ਉਂਜ ਸੱਚੀ ਕਹਾਂ ਨਵੇਂ ਚੌਧਰੀ ਦੇ ਹੱਥ ਏਨੇ ਲੰਮੇ ਹਨ, ਏਨੇ ਲੰਮੇ ਹਨ, ਨਗਰ ਵਿਚੋਂ ਜਿਸ ਨੂੰ ਚਾਹੇ, ਖਿੱਚ ਲਿਆਵੇ।”

ਸੁਣਨ ਵਾਲੇ ਅਜਿਹੀਆਂ ਗੱਲਾਂ ਉੱਪਰ ਕਦੇ ਵਿਸ਼ਵਾਸ ਕਰ ਲੈਂਦੇ ਤੇ ਕਦੇ ਨਾ ਕਰਦੇ। ਬਹੁਤਾ ਸਮਾਂ ਨਹੀਂ ਸੀ ਹੋਇਆ, ਨਗਰ ਵਾਸੀਆਂ ਨੇ ਮਹਿਸੂਸ ਕੀਤਾ, ਨਗਰ ਵਾਸੀਆਂ ਵਿਚ ਬੇਚੈਨੀ ਵਧ ਰਹੀ ਹੈ। ਇਕ ਮੁਹੱਲਾ ਦੂਸਰੇ ਮੁਹੱਲੇ ਨਾਲ ਘ੍ਰਿਣਾ ਕਰਨ ਲੱਗਾ ਹੈ। ਬਸਤੀਆਂ ਵਿਚ ਵੀ ਕੁਝ ਸੁਲਘ ਰਿਹਾ ਹੈ। ਹਰ ਕੋਈ ਇਕ ਦੂਸਰੇ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਣ ਲੱਗਾ ਹੈ। ਆਪਸੀ ਭਾਈਚਾਰਾ ਤਿੜਕਣ ਲੱਗਾ ਹੈ। ਗੁਫ਼ਤਗੂਆਂ, ਕੰਨਸੋਆਂ ਵਿਚ ਵਾਧਾ ਹੋਣ ਲੱਗਾ। ਅਫ਼ਵਾਹਾਂ ਨੇ ਸਿਰ ਚੁੱਕ ਲਏ। ਨਵੇਂ ਚੌਧਰੀ ਨੂੰ ਪੁਰਾਣੇ ਚੌਧਰੀ ਘੁਰਕਣ ਲੱਗੇ, ਗੱਲਾਂ ਹੋਣ ਲੱਗੀਆਂ: ”ਨਵਾਂ ਚੌਧਰੀ ਆਪਣੇ ਸੋਹਲੇ ਆਪ ਪੜ੍ਹਾਉਂਦਾ ਹੈ।”

”ਹਰ ਮਹੀਨੇ ਨਗਰ ਦੇ ਵਾਸੀਆਂ ਨਾਲ ਦਰਬਾਰ ਲਾਉਂਦਾ ਹੈ।”

”ਨਵਾਂ ਚੌਧਰੀ ਦੱਸਦਾ ਹੈ, ਜੇ ਤੁਸੀਂ ਗਰੀਬ ਹੋ, ਜੇ ਤੁਸੀਂ ਅਜੇ ਤਕ ਦੁੱਖਾਂ ਵਿਚ ਘਿਰੇ ਹੋਏ ਹੋ, ਜੇ ਤੁਸੀਂ ਅਨਪੜ੍ਹ ਹੋ, ਜੇ ਤੁਹਾਡੇ ਪਾਸ ਘਰ ਨਹੀਂ ਹੈ, ਜੇ ਤੁਸੀਂ ਅਜੇ ਤਕ ਬੇਰੁਜ਼ਗਾਰ ਹੋ, ਜੇ ਮਹਿੰਗਾਈ ਇੰਨੀ ਵਧ ਗਈ ਹੈ, ਜੇ ਇਸ ਵਾਰ ਮੀਂਹ ਨਹੀਂ ਪਿਆ, ਜੇ ਇਸ ਵਾਰ ਝੱਖੜ ਹਨ੍ਹੇਰੀਆਂ ਝੁੱਲੀਆਂ ਹਨ, ਜੇ ਇਸ ਵਾਰ ਗੜ੍ਹੇਮਾਰ ਹੋਈ ਹੈ, ਜੇ ਇਸ ਵਾਰ ਇੰਨੀ ਹਾਹਾਕਾਰ ਹੈ, ਜੇ ਇਸ ਵਾਰ ਸਾਡੇ ਖਿਡਾਰੀ ਮੈਚ ਨਹੀਂ ਜਿੱਤ ਸਕੇ ਤਾਂ ਸਭ ਮੁਸੀਬਤਾਂ ਦੇ ਜ਼ਿੰਮੇਵਾਰ ਪਹਿਲੇ ਚੌਧਰੀ ਸਨ। ਸੂਰਜ ਵੀ ਚੱਜ ਨਾਲ ਕੁਝ ਸਾਲਾਂ ਤੋਂ ਹੀ ਚੜ੍ਹਨ ਲੱਗਾ ਹੈ। ਆਸਮਾਨ ਵਿਚ ਤਾਰੇ ਵੀ ਪਹਿਲਾਂ ਏਦਾਂ ਨਹੀਂ ਸਨ ਚਮਕਦੇ, ਮੇਰੇ ਆਉਣ ਤੋਂ ਬਾਅਦ ਹੀ ਆਸਮਾਨ ਇੰਨਾ ਸਵੱਛ ਹੋਇਆ ਹੈ।…ਦੇਖਿਆ ਨਹੀਂ, ਚੰਨ ਪਹਿਲਾਂ ਨਾਲੋਂ ਕਿੰਨਾ ਵਧੇਰੇ ਚਮਕਦਾ ਹੈ…?”

ਸੁਣਨ ਵਾਲੇ ਕੀ ਆਖਦੇ? ਨਵੇਂ ਚੌਧਰੀ ਦੇ ਮਰਾਸੀ ਤਾਂ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਜਾਂਦੇ: ”ਨਵਾਂ ਚੌਧਰੀ ਚਾਹਵੇ ਤਾਂ ਕੀੜੀ ਦੇ ਸੁਰਖੀ ਲਾ ਦੇਵੇ।”

”ਨਵਾਂ ਚੌਧਰੀ ਚਾਹਵੇ ਤਾਂ ਹਾਥੀ ਨੂੰ ਗੋਦੀ ‘ਚ ਬਿਠਾ ਲਵੇ।”

ਇੰਨਾ ਕੁਝ ਹੋਣ ਦੇ ਬਾਵਜੂਦ ਨਗਰ ਵਿਚ ‘ਸਭ ਅੱਛਾ’ ਨਹੀਂ ਹੈ। ਪੁਰਾਣੇ ਉਮਰਾਂ ਹੰਢਾ ਚੁੱਕੇ ਕੁਝ ਨਗਰ ਵਾਸੀ, ਬਾਕੀਆਂ ਨੂੰ ਸਬਰ ਰੱਖਣ ਲਈ ਆਖਦੇ ਹਨ। ਨਵਾਂ ਨੌ ਦਿਨ, ਪੁਰਾਣਾ ਸੌ ਦਿਨ ਦੀਆਂ ਉਦਾਹਰਨਾਂ ਦਿੰਦੇ ਹਨ। ਆਖਦੇ ਹਨ- ”ਹੌਸਲਾ ਰੱਖੋ, ਇਹ ਦਿਨ ਵੀ ਨਹੀਂ ਰਹਿਣਗੇ। ਅਰਦਾਸਾਂ ਕਰੋ, ਦੁਆਵਾਂ ਕਰੋ, ਅਰਜ਼ੋਈਆਂ ਕਰੋ, ਇਸ ਦੇ ਨਾਲ-ਨਾਲ ਭਾਈਚਾਰਾ ਬਣਾਈ ਰੱਖੋ। ਘ੍ਰਿਣਾ ਨਾ ਕਰੋ, ਨਫ਼ਰਤ ਨਾ ਕਰੋ, ਵੇਖਣਾ ਨਗਰ ਵਿਚ ਖੁਸ਼ੀਆਂ, ਸਨੇਹ, ਸਾਡਾ ਭਾਈਚਾਰਾ ਫਿਰ ਪਰਤ ਆਏਗਾ। ਚੌਧਰੀ ਆਉਂਦੇ ਜਾਂਦੇ ਰਹਿਣਗੇ।”
ਸੰਪਰਕ : 98147-83069

Advertisement