ਚੋਰ ਗਰੋਹ ਦੇ ਦੋ ਮੈਂਬਰ 17 ਤੋਲੇ ਗਹਿਣਿਆਂ ਸਣੇ ਗ੍ਰਿਫ਼ਤਾਰ
ਸ਼ਸ਼ੀਪਾਲ ਜੈਨ
ਖਰੜ, 17 ਦਸੰਬਰ
ਇਥੇ ਸੀਆਈਏ ਸਟਾਫ ਖਰੜ ਵੱਲੋਂ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ 17 ਤੋਲੇ ਗਹਿਣੇ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਅੱਜ ਖਰੜ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਤਲਵਿੰਦਰ ਸਿੰਘ ਉਪ ਕਪਤਾਨ ਪੁਲੀਸ (ਇੰਨਵੈਸਟੀਗੇਸ਼ਨ ਸੀਆਈਏ ਇੰਚਾਰਜ) ਹਰਮਿੰਦਰ ਸਿੰਘ ਨੇ ਦੱਸਿਆ ਕਿ 16 ਅਗਸਤ ਨੂੰ ਗੁਰਪ੍ਰੀਤ ਸਿੰਘ ਵਾਸੀ ਖਰੜ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੇ ਘਰ ਵਿੱਚੋਂ ਕੋਈ ਨਾਮਾਲੂਮ ਵਿਅਕਤੀ ਸੋਨੇ ਅਤੇ ਡਾਇਮੰਡ ਦੇ ਗਹਿਣੇ ਚੋਰੀ ਕਰਕੇ ਲੈ ਗਿਆ ਹੈ। ਇਸ ਸਬੰਧੀ ਖਰੜ ਸਿਟੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਨੂੰ ਟਰੇਸ ਕਰਨ ਲਈ ਸੀਆਈਏ ਸਟਾਫ ਖਰੜ ਨੂੰ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਦੀ ਟੀਮ ਨੇ ਦੋ ਮੁਲਜ਼ਮਾਂ ਮੁਕੇਸ਼ ਕੁਮਾਰ ਅਤੇ ਸੂਰਜਭਾਨ ਦੋਵੇਂ ਵਾਸੀ ਕੈਥਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਤਿੰਨ ਚੇਨ ਸਮੇਤ ਲੋਕਟ ਅਤੇ 2 ਹੋਰ ਚੇਨਾਂ ਅਤੇ ਟੋਪਸ, ਲੇਡੀਜ਼ ਰਿੰਗ, ਵਾਲੀਆਂ ਆਦਿ ਬਰਾਮਦ ਕੀਤੇ ਗਏ ਹਨ, ਜੋ ਕੁੱਲ 17 ਤੋਲੇ ਬਣਦੇ ਹਨ। ਪੁਲੀਸ ਅਨੁਸਾਰ ਦੋਨੋ ਮੁਲਜ਼ਮ ਸਕੇ ਭਰਾ ਹਨ ਅਤੇ ਸਾਲ 2007 ਤੋਂ ਚੋਰੀਆਂ ਕਰਨ ਦੇ ਆਦੀ ਹਨ।
ਮੁਲਜ਼ਮ ਪਿਸਤੌਲ ਸਣੇ ਕਾਬੂ
ਸੀਆਈਏ ਸਟਾਫ ਦੀ ਟੀਮ ਨੇ ਇੱਕ ਮੁਸਜ਼ਮ ਨੂੰ ਪਿਸਤੌਲ .32 ਬੋਰ ਅਤੇ 5 ਰੌਂਦਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਤਲਵਿੰਦਰ ਸਿੰਘ ਉਪ ਕਪਤਾਨ ਪੁਲੀਸ ਇੰਨਵੇਸਟੀਗੇਸ਼ਨ ਅਤੇ ਇੰਚਾਰਜ ਸੀਆਈਏ ਸਟਾਫ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੁਸ਼ਾਰ ਸ਼ਾਹ ਚੰਡੀਗੜ੍ਹ ਦਾ ਰਹਿਣ ਵਾਲਾ ਹੈ।