ਚੋਰੀ ਦੇ ਵਾਹਨਾਂ ਸਣੇ ਦੋ ਕਾਬੂ
05:49 AM May 10, 2025 IST
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਪੁਲੀਸ ਨੇ ਵਾਹਨ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਸੱਤ ਮੋਟਰਸਾਈਕਲ ਤੇ ਇੱਕ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਸ੍ਰੀ ਮੁਕਤਸਰ ਸਾਹਿਬ (ਹਾਲ ਵਾਸੀ ਗੁਰਦੁਆਰਾ ਨੇੜੇ ਪਿੰਡ ਲਖਨੌਰ) ਤੇ ਵਿੱਕੀ ਕੁਮਾਰ ਉਰਫ਼ ਵਿੱਕੀ ਵਾਸੀ ਟਾਡਾ ਉੜਮੁੜ, ਹੁਸ਼ਿਆਰਪੁਰ (ਹਾਲ ਵਾਸੀ ਰੰਧਾਵਾ ਰੋਡ, ਖਰੜ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੂਰਵ ਪ੍ਰੀਮੀਅਮ ਅਪਾਰਟਮੈਂਟ ਸੈਕਟਰ-88 ਦੇ ਵਸਨੀਕ ਰੋਹਿਤ ਜਾਖੜ ਵੱਲੋਂ ਸੋਹਾਣਾ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸ ਦਾ ਬੁਲਟ ਮੋਟਰਸਾਈਕਲ ਚੋਰੀ ਹੋ ਗਿਆ ਹੈ, ਜਿਸ ’ਤੇ ਕਾਰਵਾਈ ਕਰਦਿਆਂ ਇਹ ਕਾਮਯਾਬੀ ਮਿਲੀ ਹੈ।
Advertisement
Advertisement