ਚੋਰੀ ਦੇ ਗਹਿਣਿਆਂ ਸਣੇ ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਜੂਨ
ਖੰਨਾ ਪੁਲੀਸ ਨੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਜੋਤੀ ਯਾਦਵ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਕੁਲਾੜ (ਲੁਧਿਆਣਾ) ਨੇ ਪੁਲੀਸ ਕੋਲ ਰਿਪਰੋਟ ਦਰਜ ਕਰਵਾਈ ਸੀ ਕਿ 3 ਜੂਨ ਦੀ ਰਾਤ ਨੂੰ ਕੋਈ ਉਸ ਦੇ ਘਰ ਪਈਆਂ ਪੇਟੀਆਂ ਦੇ ਤਾਲੇ ਤੋੜ ਕੇ ਕਰੀਰ ਸਾਢੇ 14 ਤੋਲੇ ਸੋਨੇ ਦੇ, 43 ਤੋਲੇ ਚਾਂਦੀ ਦੇ ਗਹਿਣੇ, ਐਪਲ ਕੰਪਨੀ ਦਾ ਫੋਨ ਤੇ 1 ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ।
ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਸਾਮਾਨ ਦਿਲਰਾਜ ਸਿੰਘ ਉਰਫ਼ ਭੋਲੂ ਵਾਸੀ ਪਿੰਡ ਪੀਰ ਸੋਹਾਣਾ (ਮੁਹਾਲੀ) ਨੇ ਬਲਵਿੰਦਰ ਸਿੰਘ ਦੀ ਨੂੰਹ ਕਮਲਜੀਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਕੁਲਾੜ ਨਾਲ ਮਿਲੀਭੁਗਤ ਕਰਕੇ ਚੋਰੀ ਕੀਤਾ ਹੈ। ਕਮਲਜੀਤ ਕੌਰ ਪਹਿਲਾਂ ਵੀ ਦਿਲਰਾਜ ਸਿੰਘ ਨਾਲ ਗੱਲ ਕਰਦੀ ਸੀ ਜਿਸ ਤੇ ਪੁਲੀਸ ਨੇ ਦੋਵਾਂ ਨੂੰ ਉਕਤ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ। ਐੱਸਐੱਸਪੀ ਨੇ ਦੱਸਿਆ ਕਿ ਦਿਲਰਾਜ ਸਿੰਘ ਨੂੰ ਪੇਟੀਆਂ ਦੇ ਤਾਲਿਆਂ ਦੀਆਂ ਚਾਬੀਆਂ ਉਨ੍ਹਾਂ ਦੀ ਨੂੰਹ ਕਮਲਜੀਤ ਕੌਰ ਨੇ ਦਿੱਤੀਆਂ ਸਨ।