ਚੋਰੀ ਦੇ ਗਹਿਣਿਆਂ ਬਰਾਮਦ ਕਰਨ ਗਈ ਪੁਲੀਸ ’ਤੇ ਚਲਾਈ ਗੋਲੀ
ਜੋਗਿੰਦਰ ਸਿੰਘ ਓਬਰਾਏ
ਖੰਨਾ, 11 ਜੂਨ
ਇਥੇ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਗਹਿਣੇ ਬਰਾਮਦ ਕਰਨ ਗਈ ਪੁਲੀਸ ਪਾਰਟੀ ’ਤੇ ਮੁਲਜ਼ਮ ਨੇ ਗੋਲੀ ਚਲਾ ਦਿੱਤੀ ਜੋ ਨਿਸ਼ਾਨਾ ਖੁੰਝਣ ਕਰਕੇ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ-2 ਦੇ ਐੱਸਐੱਚਓ ਪੁਲੀਸ ਪਾਰਟੀ ਨਾਲ ਮੁਲਜ਼ਮ ਨੂੰ ਲੈ ਕੇ ਗਹਿਣੇ ਬਰਾਮਦ ਕਰਨ ਗਏ ਸਨ। ਮੁਲਜ਼ਮ ਵੱਲੋਂ ਕੀਤੇ ਹਮਲੇ ਤੋਂ ਬਾਅਦ ਪੁਲੀਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਮੁਲਜ਼ਮ ਫੱਟੜ ਹੋ ਗਿਆ। ਜ਼ਖ਼ਮੀ ਮੁਲਜ਼ਮ ਨੂੰ ਸਿਵਲ ਹਸਪਤਾਲ ਖੰਨਾ ’ਚ ਦਾਖਲ ਕਰਵਾਇਆ ਗਿਆ ਹੈ।
ਇਸ ਬਾਰੇ ਐੱਸਐੱਸਪੀ ਜੋਤੀ ਯਾਦਵ ਨੇ ਦੱਸਿਆ ਕਿ ਪਿਛਲੇ ਮਹੀਨੇ ਮੁਲਜ਼ਮ ਅਰੁਣ ਕੁਮਾਰ ਵਾਸੀ ਕਬਜ਼ਾ ਫੈਕਟਰੀ ਰੋਡ ਖੰਨਾ ਨੇ ਕੌਂਸਲਰ ਹਰਦੀਪ ਸਿੰਘ ਨੀਨੂੰ ਦੇ ਗੁਆਂਢੀ ਗੁਰਮੇਲ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਖੰਨਾ ਦੇ ਘਰੋਂ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ ਤੇ ਇਸ ਮਾਮਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਮਾਂਡ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਨਸ਼ਾ ਕਰਨ ਲਈ ਚੋਰੀਆਂ ਕਰਦਾ ਹੈ ਤੇ ਇਸ ਚੋਰੀ ਦੌਰਾਨ ਜੋ ਗਹਿਣੇ ਉਸ ਨੇ ਲਏ ਸਨ ਉਹ ਵੇਚ ਕੇ ਰੇਖਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਵੇਚ ਕੇ ਨਸ਼ਾ ਖਰੀਦਿਆ ਸੀ। ਕੁਝ ਗਹਿਣੇ ਮਿਲਟਰੀ ਗਰਾਊਂਡ ਵਿੱਚ ਲੁਕੋ ਕੇ ਰੱਖੇ ਹੋਏ ਹਨ। ਪੁਲੀਸ ਪਾਰਟੀ ਅਰੁਣ ਕੁਮਾਰ ਨਾਲ ਜਦੋਂ ਦੱਸੀ ਥਾਂ ’ਤੇ ਪਹੁੰਚੀ ਤਾਂ ਖੰਡਰਾਂ ਵਿੱਚ ਦੱਬੇ ਗਹਿਣੇ ਕੱਢਣ ਮੌਕੇ ਅਰੁਣ ਨੇ ਇਕ ਲੋਡਿਡ ਦੇਸੀ 32 ਬੋਰ ਪਿਸਤੌਲ ਕੱਢ ਕੇ ਪੁਲੀਸ ਮੁਲਾਜ਼ਮਾਂ ’ਤੇ ਗੋਲੀ ਚਲਾ ਦਿੱਤੀ। ਇਹ ਗੋਲੀ ਐੱਸਐੱਚਓ ਤਰਵਿੰਦਰ ਬੇਦੀ ਕੋਲੋਂ ਲੰਘੀ। ਜਵਾਬੀ ਕਾਰਵਾਈ ਵਿੱਚ ਪੁਲੀਸ ਨੇ ਵੀ ਗੋਲੀ ਚਲਾਈ ਜੋ ਅਰੁਣ ਦੀ ਸੱਜੀ ਲੱਤ ’ਤੇ ਲੱਗੀ। ਐੱਸਐੱਸਪੀ ਅਨੁਸਾਰ ਮੁਲਜ਼ਮ ਖਿਲਾਫ਼ ਗ਼ੈਰ ਕਾਨੂੰਨੀ ਪਿਸਤੌਲ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅਰੁਣ ਦੀ ਨਿਸ਼ਾਨਦੇਹੀ ਤੇ ਦੋਸ਼ਣ ਰੇਖਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।