ਪੱਤਰ ਪ੍ਰੇਰਕਗੁਰੂਸਰ ਸੁਧਾਰ, 23 ਦਸੰਬਰਥਾਣਾ ਸੁਧਾਰ ਅਧੀਨ ਪਿੰਡ ਮੋਹੀ ਦੇ ਕਿਸਾਨਾਂ ਨੇ ਅੱਜ ਥਾਣੇ ਬਾਹਰ ਧਰਨਾ ਲਾ ਕੇ ਇਲਾਕੇ ਵਿੱਚ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਵਿੱਚ ਹੋਏ ਵਾਧੇ ਦਾ ਵਿਰੋਧ ਕੀਤਾ ਤੇ ਤੁਰੰਤ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣ ਦੀ ਮੰਗ ਕੀਤੀ। ਪਿੰਡ ਮੋਹੀ ਦੇ ਸਰਪੰਚ ਤਾਰਾ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਮਾਸਟਰ ਗੁਰਮੀਤ ਸਿੰਘ ਤੇ ਸਮੁੱਚੀ ਪੰਚਾਇਤ ਸਮੇਤ ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਲਾਕੇ ਵਿੱਚ ਸਰਗਰਮ ਤਾਰ ਚੋਰ ਗਿਰੋਹ ਨੇ ਪਿਛਲੇ ਦੋ ਮਹੀਨਿਆਂ ਦੌਰਾਨ ਪਿੰਡ ਮੋਹੀ ਵਿੱਚ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਪਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਦਿੱਤੀਆਂ ਗਈਆਂ ਸ਼ਿਕਾਇਤਾਂ ਥਾਣੇਦਾਰ ਜ਼ੋਰਾਵਰ ਸਿੰਘ ਤੇ ਥਾਣੇਦਾਰ ਗੁਰਚਰਨ ਸਿੰਘ ਨੇ ਜਾਂਚ ਦੇ ਨਾਂ ’ਤੇ ਰੋਕੀਆਂ ਹੋਈਆਂ ਹਨ ਜਦਕਿ ਥਾਣੇਦਾਰ ਗੁਰਚਰਨ ਸਿੰਘ ਨੇ ਕਿਸਾਨਾਂ ਵੱਲੋਂ ਕੋਈ ਵੀ ਦਰਖ਼ਾਸਤ ਨਾ ਮਿਲੀ ਹੋਣ ਦੀ ਗੱਲ ਆਖੀ। ਇਸ ਸਬੰਧੀ ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਗਸ਼ਤ ਹੋਰ ਵਧਾਈ ਜਾਵੇਗੀ।