ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣ ਮੁਹਿੰਮਾਂ ਦੇ ਜਲਵੇ ਅਤੇ ਹਕੀਕੀ ਲੋਕਤੰਤਰ

02:36 AM Jun 19, 2023 IST

ਨੀਰਾ ਚੰਡੋਕ

Advertisement

ਦੁਨੀਆ ਭਰ ਦੇ ਸਿਆਸੀ ਸ਼ਬਦਕੋਸ਼ਾਂ ਵਿਚ ਲੋਕਤੰਤਰ ਬਹੁਤ ਬੇਕਿਰਕੀ ਨਾਲ ਵਰਤਿਆ ਗਿਆ ਸੰਕਲਪ ਹੈ, ਫਿਰ ਵੀ ਇਸ ਦੀ ਥਾਹ ਨਹੀਂ ਪਾਈ ਜਾ ਸਕੀ। ਹਾਲੀਆ ਸਮਿਆਂ ਵਿਚ ਲੋਕਤੰਤਰ ਦੇ ਅੱਗੇ ਪਿੱਛੇ ਬਹੁਤ ਸਾਰੇ ਸ਼ਬਦ ਲਗਾ ਕੇ ਇਸ ਦੇ ਸੁਭਾਅ ਨੂੰ ਬੁੱਝਣ ਦਾ ਯਤਨ ਕੀਤਾ ਗਿਆ ਹੈ ਜਿਵੇਂ ਸੱਤਾਵਾਦੀ ਲੋਕਤੰਤਰ, ਲੋਕਰਾਜੀ ਹਜੂਮਵਾਦ ਜਾਂ ਪਾਪੂਲਿਜ਼ਮ, ਸੰਵਿਧਾਨਕ ਲੋਕਰਾਜ ਅਤੇ ਚੁਣਾਵੀ ਲੋਕਤੰਤਰ। ਕਈ ਦੇਸ਼ਾਂ ਅੰਦਰ ਸੱਤਾਵਾਦੀ ਜਨਵਾਦ ਹੋਣ ਨਾਲ ‘ਲੋਕਤੰਤਰ ਦੀ ਮੌਤ’ ਦੇ ਜਟਿਲ ਮੁੱਦੇ ‘ਤੇ ਬਹਿਸ ਛਿੜੀ ਹੋਈ ਹੈ। ਅਜੋਕੇ ਲੋਕਤੰਤਰਾਂ ਪ੍ਰਤੀ ਬੇਚੈਨੀ ਇਸ ਨੁਕਤੇ ‘ਤੇ ਟਿਕੀ ਹੈ ਕਿ ਲੰਮੇ ਅਰਸੇ ਤੋਂ ਸਿਆਸੀ ਚੇਤਨਾ ‘ਤੇ ਹਾਵੀ ਰਿਹਾ ਕੋਈ ਸੰਕਲਪ ਕਿਵੇਂ ਚੋਣਾਂ ਤੱਕ ਮਹਿਦੂਦ ਹੋ ਕੇ ਰਹਿ ਜਾਂਦਾ ਹੈ ਜਿਸ ਕਰ ਕੇ ਚੁਣਾਵੀ ਲੋਕਤੰਤਰ ਨੂੰ ਖੋਰਾ ਲਗਦਾ ਹੈ।

Advertisement

ਲੋਕਤੰਤਰ ਦੇ ਜੀਵਨ ਕਾਲ ਦਾ ਖੁਲਾਸਾ ਕਰਨ ਲਈ ਲੇਖਕਾਂ ਵਲੋਂ ਸਪੱਸ਼ਟ ਰੂਪ ਵਿਚ ਲੋਕਤੰਤਰ ਨੂੰ ਤਮਾਸ਼ੇ ਦੇ ਰੂਪ ਵਿਚ ਪੇਸ਼ ਕਰਦੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਲੋਕਤੰਤਰ ਹਮੇਸ਼ਾ ਹੀ ਮੇਲਾ ਰਿਹਾ ਹੈ; ਜਲਸਾ, ਸਿਆਸੀ ਮੰਚ ‘ਤੇ ਵਕਤਿਆਂ ਦੀ ਚੌਧਰ, ਆਲੇ-ਦੁਆਲੇ ਹਵਾ ਵਿਚ ਝੂਲਦੇ ਝੰਡੇ ਤੇ ਝੰਡੀਆਂ, ਗੀਤ ਸੰਗੀਤ ਤੇ ਕਦੇ ਕਦਾਈਂ ਨਾਚ, ਵੱਡ ਅਕਾਰੀ ਹਾਰ ਅਤੇ ਮਿਠਾਈਆਂ ਵਰਤਾਉਣੀਆਂ। ਮੇਲੇ ਵਿਚ ਸਿਰਫ਼ ਆਗੂ ਨਹੀਂ ਹੁੰਦੇ ਸਗੋਂ ਲੋਕ ਵੀ ਬਹਿਸ-ਮੁਬਾਹਿਸੇ ਜ਼ਰੀਏ ਇਤਿਹਾਸ ਬਣਾਉਣ ਦੀ ਮਨਸ਼ਾ ਨਾਲ ਆਏ ਹੁੰਦੇ ਹਨ, ਭਾਵੇਂ ਇਹ ਕਿੰਨਾ ਵੀ ਬੁਰੇ ਤਰੀਕੇ ਨਾਲ ਬਣੇ।

ਅੱਜ ਕ੍ਰਿਸ਼ਮਈ ਲੋਕਪ੍ਰਿਆ ਆਗੂ ਲੋਕਾਂ ਉਪਰ ਭਾਰੀ ਪੈ ਗਿਆ ਹੈ। ਲੋਕ ਲਗਭਗ ਗਾਇਬ ਹੀ ਹੋ ਗਏ ਹਨ ਅਤੇ ਪਿੱਛੇ ਰਹਿ ਗਏ ਹਨ ਸ੍ਰੋਤੇ ਜਿਨ੍ਹਾਂ ਨੂੰ ਸਿਆਸਤ ਨੇ ਤਮਾਸ਼ਬੀਨ ਬਣਾ ਕੇ ਰੱਖ ਦਿੱਤਾ ਹੈ। ਹਜੂਮ ਦਾ ਆਕਾਰ ਬਹੁਤ ਵੱਡਾ ਹੋ ਸਕਦਾ ਹੈ ਪਰ ਅਜਿਹਾ ਜਾਪਦਾ ਹੈ, ਜਿਵੇਂ ਉਹ ਆਗੂ ਦਾ ਬੰਦੀ ਬਣ ਗਿਆ ਹੋਵੇ, ਗੇਂਦੇ ਦੇ ਫੁੱਲਾਂ ਦੇ ਹਾਰ ਵੱਡੇ ਹੋ ਗਏ ਹਨ ਅਤੇ ਹੋਰ ਜਿ਼ਆਦਾ ਸ਼ੋਰੀਲੇ ਤੇ ਪ੍ਰਸ਼ੰਸਾਮਈ ਹੋ ਗਏ ਨਾਅਰੇ ਜਿਨ੍ਹਾਂ ਦੇ ਨਾਲੋ-ਨਾਲ ਤਾੜੀਆਂ ਤੇ ਆਗੂ ਦੇ ਨਾਂ ਦਾ ਜਾਪ ਵੀ ਹੁੰਦਾ ਰਹਿੰਦਾ ਹੈ। ਅਸੀਂ ਦੇਖਿਆ ਹੈ ਕਿ ਦੇਸ਼ ਅੰਦਰ ਸਿਆਸਤ ਨਾਲ ਤਰਕਸੰਗਤ, ਸ਼ਾਂਤਮਈ ਅਤੇ ਆਤਮ-ਝਾਤ ਨਾਲ ਵਿਚਾਰ-ਵਟਾਂਦਰੇ ਦੀ ਥਾਂ ਹੁਣ ਜਨਤਕ ਜਨੂਨ ਨੇ ਲੈ ਲਈ ਹੈ। ਅਸੀਂ ਪ੍ਰਤੀਬੱਧ ਨਾਗਰਿਕ ਨਹੀਂ ਸਗੋਂ ਅਜਿਹੀਆਂ ਸੰਪਰਦਾਵਾਂ ਦੇਖਦੇ ਹਾਂ ਜਿਸ ਨੂੰ ਉਨ੍ਹਾਂ ਦਾ ਆਗੂ ਜੋ ਵੀ ਬਿਰਤਾਂਤ ਦੇ ਦਿੰਦਾ ਹੈ, ਉਹ ਉਸੇ ਦਾ ਜਾਪ ਕਰਦੇ ਰਹਿੰਦੇ ਹਨ।

ਸਾਡੇ ਦੇਸ਼ ਵਿਚ ਮੋਦੀ ਸਰਕਾਰ ਨੇ ਚੋਣ ਪ੍ਰਚਾਰ ਮੁਹਿੰਮਾਂ ਨੂੰ ਲੋਕਤੰਤਰ ਤੋਂ ਵੀ ਵੱਡਾ ਬਣਾ ਦਿੱਤਾ ਹੈ ਜਿਨ੍ਹਾਂ ਵਿਚ ਲਗਜ਼ਰੀ ਗੱਡੀਆਂ ਦੇ ਕਾਫ਼ਲੇ, ਆਗੂ ‘ਤੇ ਫੁੱਲਾਂ ਦੀ ਵਰਖਾ, ਸੜਕ ਕਿਨਾਰੇ ਖੜ੍ਹੇ ਲੋਕ ਉਸ ਦੇ ਕਸੀਦੇ ਪੜ੍ਹਦੇ ਹਨ ਅਤੇ ਪ੍ਰਧਾਨ ਮੰਤਰੀ ਦਾ ਨਾਂ ਲੈ ਕੇ ਨਾਅਰੇ ਲਾਉਂਦੇ ਹਨ। ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਜਿੱਥੋਂ ਤੱਕ ਸਿਆਸੀ ਤਮਾਸ਼ੇ ਦਾ ਸਵਾਲ ਹੈ ਤਾਂ ਮੋਦੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਭਾਵੇਂ ਕਰਨਾਟਕ ਦੀਆਂ ਹਾਲੀਆ ਚੋਣਾਂ ਵਿਚ ਉਨ੍ਹਾਂ ਦੇ ਜਲਵੇ ਵਿਚ ਚਿੱਬ ਪੈ ਗਿਆ ਹੈ ਪਰ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਦੀ ਸ਼ਾਨਦਾਰ ਪੇਸ਼ਕਾਰੀ ਜ਼ਰੀਏ ਝਟਪਟ ਇਸ ਚਿੱਬ ‘ਤੇ ਲਿਪਾ-ਪੋਚੀ ਕਰ ਦਿੱਤੀ ਗਈ ਹੈ।

ਜਿਉਂ ਹੀ ਪ੍ਰਧਾਨ ਮੰਤਰੀ ਆਪਣੇ ਨਾਲ ਪੁਜਾਰੀਆਂ ਦੇ ਵੱਡੇ ਜੱਥੇ ਸਹਿਤ ਹੱਥ ਵਿਚ ‘ਸੰਗੋਲ’ ਫੜ ਕੇ ਸਪੀਕਰ ਦੇ ਆਸਣ ਵੱਲ ਵਧਦੇ ਹਨ ਤਾਂ ਭਾਰਤ ਦੀ ਜਨਤਾ ਟੈਲੀਵਿਜ਼ਨ ਸੈੱਟਾਂ ਅੱਗੇ ਆ ਜੁੜਦੀ ਹੈ। ਜਦੋਂ ਰਾਜ ਤਿਲਕ ਜਿਹਾ ਕੋਈ ਤਮਾਸ਼ਾ ਹੋ ਰਿਹਾ ਹੋਵੇ ਤਾਂ ਕੌਣ ਹੈ ਜੋ ਇਸ ਦਾ ਲੁਤਫ਼ ਨਹੀਂ ਲੈਣਾ ਚਾਹੇਗਾ? ਇਹ ਤਮਾਸ਼ਾ ਸਾਨੂੰ ਰੋਜ਼ਮੱਰਾ ਖਲਜਗਣ, ਵਧਦੀ ਮਹਿੰਗਾਈ ਦੇ ਸੰਸਿਆਂ, ਸਾਡੇ ਬੱਚਿਆਂ ਦੇ ਭਵਿੱਖ ਦੇ ਫਿਕਰਾਂ ਅਤੇ ਨਵੀਂ ਦਿੱਲੀ ਵਿਚ ਹਾਕਮਾਂ ਦੀ ਖਾਮੋਸ਼ੀ ਖਿਲਾਫ਼ ਰੋਸ ਪ੍ਰਗਟਾ ਰਹੀਆਂ ਪਹਿਲਵਾਨ ਮੁਟਿਆਰਾਂ ਦੇ ਜਿਨਸੀ ਸ਼ੋਸ਼ਣ ਮੁਤੱਲਕ ਸਾਡੀ ਨਮੋਸ਼ੀ ਤੋਂ ਦੂਰ ਲਿਜਾਣ ਦਾ ਕੰਮ ਦਿੰਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ: “ਸੰਸਦ ਸਾਡੇ ਲੋਕਤੰਤਰ ਦਾ ਮੰਦਰ ਹੈ।” ਹੁਣ ਉਨ੍ਹਾਂ ਦਾ ਇਹੀ ਜੁਮਲਾ ਬਹੁਤ ਬੇਚੈਨੀ ਦਾ ਸਬੱਬ ਬਣ ਗਿਆ ਹੈ ਕਿਉਂਕਿ ਪਾਰਲੀਮੈਂਟ ਕੋਈ ਅਜਿਹਾ ਮੰਦਰ ਨਹੀਂ ਹੁੰਦਾ ਜਿੱਥੇ ਦੇਵਤਿਆਂ ਤੇ ਬੰਦਿਆਂ ਦੀ ਪੂਜਾ ਕੀਤੀ ਜਾਂਦੀ ਹੋਵੇ ਸਗੋਂ ਇਹ ਸਿਆਸੀ ਵਾਬਸਤੇ ਦਾ ਮੰਚ ਹੁੰਦਾ ਹੈ ਜਿੱਥੇ ਤਿੱਖੇ ਤੇ ਕਾਟਵੇਂ ਵਾਰ ਕੀਤੇ ਜਾਂਦੇ ਹਨ, ਕਈ ਵਾਰ ਮਾਈਕ੍ਰੋਫੋਨ ਤੇ ਏਜੰਡਾ-ਪੇਪਰ ਹਵਾ ਵਿਚ ਉਛਾਲੇ ਜਾਂਦੇ ਹਨ, ਮੈਂਬਰ ਸਦਨ ਦੇ ਮੱਧ ਵਿਚ ਬੇਵੱਸ ਨਜ਼ਰ ਆਉਂਦੇ ਸਪੀਕਰ ਸਾਹਮਣੇ ਆ ਖਲੋਂਦੇ ਹਨ। ਸੰਸਦ ਸ਼ੋਰ-ਸ਼ਰਾਬੇ ਦਾ ਅਖਾੜਾ ਬਣ ਜਾਂਦਾ ਹੈ। ਫਿਰ ਵੀ ਅਸੀਂ ਇਸ ਨੂੰ ਪਿਆਰ ਕਰਦੇ ਹਾਂ ਕਿਉਂਕਿ ਇਹ ਸਾਡੀ ਸੰਸਦ ਹੈ। ਇਹ ਉਹ ਸਥਾਨ ਹੈ ਜਿੱਥੇ ਅਸੀਂ ਲੋਕ ਸਭਾ ਵਿਚ ਆਪਣੇ ਚੁਣੇ ਹੋਏ ਨੁਮਾਇੰਦਿਆਂ ਅਤੇ ਰਾਜ ਸਭਾ ਵਿਚ ਸੂਬਿਆਂ ਦੇ ਨੁਮਾਇੰਦਿਆਂ ਜ਼ਰੀਏ ਉੱਚ ਰਾਜਨੀਤੀ ਨਾਲ ਮਡਿ਼ਕਦੇ ਹਾਂ ਪਰ ਅਸੀਂ ਲੋਕਰਾਜੀ ਲਿਹਾਜ਼ ਤੋਂ ਇਸ ਨੂੰ ਪਿਆਰ ਤਾਂ ਹੀ ਕਰ ਸਕਦੇ ਹਾਂ ਜੇ ਇਹ ਲੋਕਾਂ ਦੀ ਸੰਸਦ ਬਣੀ ਰਹੇ ਅਤੇ ਨਾ ਕਿ ਲੋਕਾਂ ਤੋਂ ਟੁੱਟਿਆ ਸੱਤਾ ਦਾ ਅਗਵਾੜ ਬਣ ਜਾਵੇ; ਕਿਸੇ ਤਮਾਸ਼ੇ ਦੇ ਰੂਪ ਵਿਚ ਨਹੀਂ ਸਗੋਂ ਅਜਿਹੀ ਸੰਸਥਾ ਦੇ ਰੂਪ ਵਿਚ ਜੋ ਲੋਕ ਪ੍ਰਭੂਸੱਤਾ ਨੂੰ ਸਾਕਾਰ ਕਰਦੀ ਹੋਵੇ।

ਸਿਆਸਤ ਨੂੰ ਤਮਾਸ਼ੇ ਦਾ ਰੂਪ ਦੇਣ ਪ੍ਰਤੀ ਗਹਿਰੀ ਬੇਚੈਨੀ ਕੋਈ ਨਵਾਂ ਵਰਤਾਰਾ ਨਹੀਂ ਹੈ ਸਗੋਂ ਲੋਕਤੰਤਰ ਦੇ ਜਨਮ ਤੋਂ ਹੀ ਸਿਆਸੀ ਸਮੀਖਿਅਕ ਇਸ ਨਾਲ ਦੋ-ਚਾਰ ਹੁੰਦੇ ਰਹੇ ਹਨ। ਸੱਤਾਵਾਦੀ ਹਜੂਮਵਾਦ (ਪਾਪੂਲਿਜ਼ਮ) ਦੇ ਉਭਾਰ ਨਾਲ ਇਹ ਸਰੋਕਾਰ ਹੋਰ ਜ਼ੋਰ ਫੜ ਗਿਆ ਹੈ। ਕ੍ਰਿਸ਼ਮਈ ਆਗੂ ਜਿਸ ਢੰਗ ਨਾਲ ਕਿਸੇ ਮਾਹਿਰ ਤਲਵਾਰਬਾਜ਼ ਦੀ ਤਰ੍ਹਾਂ ਆਪਣੇ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ ਤਾਂ ਰਾਜਨੀਤੀ ਇਕ ਹੋਰ ਵਡੇਰੇ ਤਮਾਸ਼ੇ ਦਾ ਰੂਪ ਧਾਰ ਲੈਂਦੀ ਹੈ। ਲੋਕਤੰਤਰ ਦੀ ਪਛਾਣ ਜਾਗ੍ਰਿਤ ਨਾਗਰਿਕਾਂ ਵਿਚਕਾਰ ਗਹਿਗੱਚ ਬਹਿਸ-ਮੁਬਾਹਿਸੇ ਜਾਂ ਸੱਤਾ ਦੀ ਕਸ਼ਮਕਸ਼ ਨਾਲ ਨਹੀਂ ਹੁੰਦੀ ਸਗੋਂ ਇਹ ਸਿਲਸਿਲਾ ਇਕ ਲੇਖੇ ਗ਼ੈਰ-ਸਿਆਸੀ ਸਾਬਿਤ ਹੋ ਚੁੱਕਿਆ ਹੈ।

ਜਦੋਂ ਇਹੀ ਤਮਾਸ਼ਾ ਰੰਗਮੰਚ ਜਾਂ ਫਿਲਮ ਜ਼ਰੀਏ ਪੇਸ਼ ਕਰਨਾ ਹੋਵੇ ਤਾਂ ਫੌਰੀ ਤੌਰ ‘ਤੇ ਮਨ ਵਿਚ ਦਰਸ਼ਕਾਂ ਅਤੇ ਅਦਾਕਾਰਾਂ ਵਿਚਕਾਰ ਖਿੱਚੀ ਗਈ ਰੇਖਾ ਉਭਰ ਆਉਂਦੀ ਹੈ। ਬਿਨਾ ਸ਼ੱਕ ਦਰਸ਼ਕ ਖਰਾਬ ਅਦਾਕਾਰਾਂ ‘ਤੇ ਆਂਡੇ ਵੀ ਸੁੱਟ ਦਿੰਦੇ ਹਨ ਪਰ ਆਮ ਤੌਰ ‘ਤੇ ਕੋਈ ਮੰਝਿਆ ਹੋਇਆ ਅਦਾਕਾਰ ਦਰਸ਼ਕਾਂ ਦੁਆਲੇ ਜਾਲ ਬੁਣ ਲੈਂਦਾ ਹੈ। ਬੀਆਰ ਚੋਪੜਾ ਦੀ ਮਸ਼ਹੂਰ ਫਿਲਮ ‘ਵਕਤ’ ਦਾ ਉਹ ਡਾਇਲਾਗ ਯਾਦ ਕਰੋ ਜਦੋਂ ਰਾਜ ਕੁਮਾਰ ਰਹਿਮਾਨ ਨੂੰ ਮੁਖ਼ਾਤਬ ਹੋ ਕੇ ਕਹਿੰਦਾ ਹੈ, “ਚਿਨੌਏ ਸੇਠ, ਜਿਨਕੇ ਅਪਨੇ ਘਰ ਸ਼ੀਸ਼ੇ ਕੇ ਹੋਂ, ਵੁਹ ਦੂਸਰੋਂ ਪਰ ਪੱਥਰ ਨਹੀਂ ਫੇਂਕਾ ਕਰਤੇ।” ਇਹ ਸੰਵਾਦ ਬਹੁਤ ਵਾਰ ਦੁਹਰਾਇਆ ਗਿਆ ਹੈ ਪਰ ਰਾਜ ਕੁਮਾਰ ਦੀ ਖਰਵੀਂ ਆਵਾਜ਼ ਵਿਚ ਨਿਭਾਇਆ ਇਹ ਸੰਵਾਦ ਸਾਡੇ ਰੋਜ਼ਮੱਰਾ ਸ਼ਬਦਕੋਸ਼ ਦਾ ਹਿੱਸਾ ਬਣ ਗਿਆ ਹੈ।

ਦਰਸ਼ਕ ਹੁਣ ਹਿੱਸੇਦਾਰ ਨਹੀਂ ਰਹੇ ਸਗੋਂ ਖਪਤਕਾਰ ਬਣ ਕੇ ਰਹਿ ਗਏ ਹਨ। ਇਹ ਲੋਕਰਾਜ ਦਾ ਅਮਲ ਨਹੀਂ ਹੈ ਜਿਵੇਂ ਫਰਾਂਸੀਸੀ ਰਾਜਨੀਤਕ ਸਿਧਾਂਤਕਾਰਾ ਯੱਕ ਰੈਂਸੀਏ ਦਾ ਕਹਿਣਾ ਹੈ ਕਿ ਥੀਏਟਰ ਅਜਿਹੇ ਭਰਮ ਦੀ ਅਵਸਥਾ ਹੁੰਦੀ ਹੈ ਜਿੱਥੇ ਹਿਲਜੁੱਲ ਦੀ ਮਨਾਹੀ ਹੁੰਦੀ ਹੈ। ਲੋਕ ਅੜਾਉਣੀ ਵਾਂਗ ਹੁੰਦੇ ਹਨ ਪਰ ਇਸੇ ਵੰਨਗੀ ਵਿਚ ਹੀ ਆਮ ਬੰਦਿਆਂ/ਔਰਤਾਂ ਦੀ ਜ਼ਬਰਦਸਤ ਸਿਆਸੀ ਸਰਗਰਮੀ ਦਾ ਵਿਚਾਰ ਪਲ ਰਿਹਾ ਹੁੰਦਾ ਹੈ। ਜਦੋਂ ‘ਅਸੀਂ ਲੋਕ’ ਦਰਸ਼ਕ ਬਣ ਜਾਂਦੇ ਹਾਂ ਤਾਂ ਅਸੀਂ ਕਿਸੇ ਸਿਆਸੀ ਮੰਚ ਦੇ ਅਦਾਕਾਰ ਨਾਲ ਜੁੜ ਕੇ ਰਹਿ ਜਾਂਦੇ ਹਾਂ।

*ਲੇਖਕ ਸਿਆਸੀ ਟਿੱਪਣੀਕਾਰ ਹੈ।

Advertisement