ਚੋਣ ਅਧਿਕਾਰੀ ਵੱਲੋਂ ਦਿਵਿਆਂਗ ਤੇ ਸੀਨੀਅਰ ਸਿਟੀਜ਼ਨਜ਼ ਨੂੰ ਰਜਿਸਟਰ ਕਰਨ ਦੀ ਹਦਾਇਤ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਜੂਨ
ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨਜ਼ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਨੇ ਹੁਣੇ ਤੋਂ ਉਪਰਾਲੇ ਆਰੰਭ ਦਿੱਤੇ ਹਨ। ਇਸ ਸਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਪੱਤਰ ਲਿਖ ਕੇ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨਜ਼ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਅਤੇ ਉਨ੍ਹਾਂ ਦੀ ਵੋਟ ਪਵਾਉਣੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਚੋਣ ਅਫਸਰ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ ਨੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਡਿਸਟ੍ਰਿਕਟ ਮਾਨੀਟਰਿੰਗ ਕਮੇਟੀ ਆਨ ਅਸੈਸੀਬਲ ਇਲੈਕਸ਼ਨਜ਼ ਦੀ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਦਿਵਿਆਂਗ ਵੋਟਰਾਂ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਨਿਰਦੇਸ਼ਾਂ ’ਤੇ ਅਮਲ ਕੀਤਾ ਜਾਵੇ। ਬੈਂਬੀ ਨੇ ਸਮੂਹ ਮੈਂਬਰਾਂ ਨੂੰ ਕਿਹਾ ਕਿ ਹੁਣ ਢੁੱਕਵਾਂ ਸਮਾਂ ਹੈ ਕਿ ਹਰੇਕ ਯੋਗ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਨੂੰ ਵੋਟਰ ਵਜੋਂ ਰਜਿਸਟਰਡ ਕਰਕੇ ਉਨ੍ਹਾਂ ਦੀ ਸਹੂਲਤ ਮੁਤਾਬਿਕ ਪੋਲਿੰਗ ਸਟੇਸ਼ਨਾਂ ਉੱਤੇ ਪ੍ਰਬੰਧ ਕਰਨ ਦਾ ਖਾਕਾ ਤਿਆਰ ਕੀਤਾ ਜਾਵੇ। ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਦੌਰਾਨ ਦਿਵਿਆਂਗ ਵੋਟਰਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਸਬੰਧੀ ਵਿਧਾਨ ਸਭਾ ਚੋਣ ਹਲਕਾ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਬੀਐੱਲਓ, ਪੋਲਿੰਗ ਅਫਸਰ, ਪੁਲੀਸ ਫੋਰਸ ਤੇ ਬੂਥ ਵਾਲੰਟੀਅਰ ਨੂੰ ਜਾਣੂ ਕਰਵਾਉਣ ਲਈ ਕੈਂਪਾਂ ਲਾਉਣੇ ਯਕੀਨੀ ਬਣਾਏ ਜਾਣ।