ਚੋਣਾਂ ਦੀ ਰੰਜਿਸ਼ ਕਾਰਨ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਮਈ
ਥਾਣਾ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਪਿੰਡ ਬਿਲਾਸਪੁਰ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਲੁਧਿਆਣਾ ਦੇ ਡੀਐੱਮਸੀ ਰੈਫ਼ਰ ਕੀਤਾ ਗਿਆ ਹੈ। ਇਹ ਹੱਤਿਆ ਪੰਚਾਇਤੀ ਚੋਣਾਂ ਦੀ ਰੰਜਿਸ਼ ਵਜੋਂ ਕੀਤੀ ਗਈ ਹੈ। ਇਸ ਸਬੰਧੀ ਪੁਲੀਸ ਨੇ ਪਿੰਡ ਬਿਲਾਸਪੁਰ ਦੇ ਮੌਜੂਦਾ ਸਰਪੰਚ ਤੇ ਇੱਕ ਔਰਤ ਸਮੇਤ 15 ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਅਨਵਰ ਅਲੀ ਨੇ ਕਿਹਾ ਕਿ ਪੁਲੀਸ ਨੇ ਹਮਲਾਵਰਾਂ ਵੱਲੋਂ ਵਾਰਦਾਤ ਲਈ ਵਰਤਿਆ ਪਿਸਤੌਲ ਬਰਾਮਦ ਕਰ ਲਿਆ ਹੈ। ਐਫ਼ਆਈਆਰ ਮੁਤਾਬਕ ਨਿਹਾਲ ਸਿੰਘ ਵਾਲਾ ਪੁਲੀਸ ਨੇ ਹਮਲਾਵਰਾਂ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਗੁਰਮੀਤ ਸਿੰਘ ਉਰਫ਼ ਗੀਤਾ ਦੇ ਬਿਆਨ ਉੱਤੇ ਗੁਰਪ੍ਰੀਤ ਸਿੰਘ ਉਰਫ਼ ਘੁੱਗੀ, ਸਰਪੰਚ ਬੂਟਾ ਸਿੰਘ, ਰਾਮਜੋਤ ਸਿੰਘ, ਬੂਟਾ ਸਿੰਘ, ਹਰਜਿੰਦਰ ਕੌਰ, ਮਨਜੀਤ ਸਿੰਘ, ਅਮਨਦੀਪ ਸਿੰਘ ਉਰਫ਼ ਗੀਤਕਾਰ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਉਰਫ਼ ਭਿੰਦਾ, ਮਨਦੀਪ ਸਿੰਘ ਉਰਫ਼ ਮਨੂ ਪੰਚ, ਜਗਦੇਵ ਸਿੰਘ, ਪਿੰਦਰ ਸਿੰਘ, ਤਰਲੋਚਨ ਸਿੰਘ ਸਾਰੇ ਪਿੰਡ ਬਿਲਾਸਪੁਰ ਅਤੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੀਤਾ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਹੋਈਆਂ ਪੰਚਾਇਤੀ ਚੋਣਾਂ ’ਚ ਬੂਟਾ ਸਿੰਘ ਖ਼ਿਲਾਫ਼ ਸਰਪੰਚ ਦੀ ਚੋਣ ਲੜੀ ਸੀ ਪਰ ਉਹ ਚੋਣ ਹਾਰ ਗਿਆ ਸੀ। ਇਸ ਬਾਅਦ ਵਿਰੋਧੀ ਧਿਰ ਉਸ ਨਾਲ ਰੰਜਿਸ਼ ਰੱਖ ਰਹੀ ਸੀ। ਉਹ ਆਪਣੇ ਦੋਸਤ ਅਮਨਦੀਪ ਸਿੰਘ ਅਮਨਾ ਨਾਲ ਬੱਸ ਅੱਡੇ ’ਤੇ ਖੜ੍ਹਾ ਸੀ ਕਿ ਇਕ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਗੋਲੀਆਂ ਚਲਾਈਆਂ। ਇਸ ਮੌਕੇ ਅਮਨਦੀਪ ਸਿੰਘ ਅਮਨਾ ਦੀ ਛਾਤੀ ਵਿਚ ਗੋਲੀ ਲੱਗੀ ਤੇ ਉਸ ਦੇ ਵੀ ਗੋਲੀਆਂ ਲੱਗੀਆਂ। ਉਨ੍ਹਾਂ ਨੂੰ ਸਥਾਨਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਅਮਨਦੀਪ ਸਿੰਘ ਅਮਨਾ ਦੀ ਮੌਤ ਹੋ ਗਈ ਅਤੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ।