ਚੇਅਰਮੈਨ ਸਿੰਗਲਾ ਵੱਲੋਂ ਗਊਸ਼ਾਲਾ ਦਾ ਦੌਰਾ
ਫਗਵਾੜਾ: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਸਿੰਗਲਾ ਨੇ ਮੇਹਲੀ ਗੇਟ ਵਿੱਚ ਸਥਿਤ ਕ੍ਰਿਸ਼ਨਾ ਗਊਸ਼ਾਲਾ ਦਾ ਦੌਰਾ ਕੀਤਾ। ਉਨ੍ਹਾਂ ਬੀਤੇ ਦਿਨੀਂ ਗਊਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਏਡੀਸੀ ਨਵਨੀਤ ਕੌਰ ਬੱਲ ਤੇ ਐੱਸਡੀਐੱਮ ਜਸ਼ਨਪ੍ਰੀਤ ਸਿੰਘ ਪਾਸੋਂ ਮੌਜੂਦਾ ਸਥਿਤੀ ਬਾਰੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਗਊਆਂ ਦੀ ਮੌਤ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਸੀ ਪਰ ਨਗਰ ਨਿਗਮ ਚੋਣਾਂ ਕਾਰਨ ਉਹ ਨਹੀਂ ਪਹੁੰਚ ਸਕੇ ਸਨ। ਇਸ ਮੌਕੇ ਕ੍ਰਿਸ਼ਨਾ ਗਊਸ਼ਾਲਾ ਦੇ ਪ੍ਰਧਾਨ ਰਾਕੇਸ਼ ਗੋਸਾਈਂ ਨੇ ਗਊਸ਼ਾਲਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਗਊਸ਼ਾਲਾ ਦੇ ਸਟਾਫ਼ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਗਊਸ਼ਾਲਾ ਦੀਆਂ ਗਊਆ ਨੂੰ ਚਾਰਾ ਮੁਹੱਈਆ ਕਰਵਾਉਣ ਸਮੇਂ ਤਕਨੀਕੀ ਤੇ ਲੋੜੀਂਦੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਗਊਸ਼ਾਲਾ ਦੇ ਸਾਹਮਣੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਨੂੰ ਪ੍ਰਸ਼ਾਸਨ ਵੱਲੋਂ ਗਊਸ਼ਾਲਾ ਦੀ ਮਰਿਆਦਾ ਨੂੰ ਧਿਆਨ ’ਚ ਰੱਖਿਆ ਸਾਫ਼ ਕਰਵਾਇਆ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸਬੰਧੀ ਜਲਦ ਕਾਰਵਾਈ ਕਰਵਾਈ ਜਾਵੇਗੀ। -ਪੱਤਰ ਪ੍ਰੇਰਕ