ਚੂੰਘਾਂ ’ਚ ਵਿਧਾਇਕ ਦੇ ਪੀਏ ਦਾ ਵਿਰੋਧ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 30 ਮਈ
ਹਲਕਾ ਮਹਿਲ ਕਲਾਂ ਦੇ ਪਿੰਡ ਚੂੰਘਾਂ ਵਿੱਚ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਪ੍ਰੋਗਰਾਮ ਮੌਕੇ ਹਲਕੇ ਦੇ ‘ਆਪ’ ਵਿਧਾਇਕ ਦੇ ਪੀਏ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਪਿੰਡ ਦੇ ਕਾਂਗਰਸੀ ਸਰਪੰਚ ਦੀ ਅਗਵਾਈ ਵਿੱਚ ਕੁਝ ਲੋਕਾਂ ਵੱਲੋਂ ਵਿਕਾਸ ਕੰਮਾਂ ਨੂੰ ਲੈ ਕੇ ਇਹ ਵਿਰੋਧ ਕੀਤਾ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਹੀ ਪਹਿਲਾਂ ਕਾਂਗਰਸੀਆਂ ਵੱਲੋਂ ਅਤੇ ਬਾਅਦ ਵਿੱਚ ਆਪ ਵਰਕਰਾਂ ਵੱਲੋਂ ਜ਼ਿੰਦਾਬਾਦ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਸਰਪੰਚ ਹਰਦੀਪ ਸਿੰਘ, ਗੁਰਮੇਲ ਸਿੰਘ ਚੂੰਘਾਂ ਅਤੇ ਪੰਚ ਜਗਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪਿਛਲੇ ਸਮੇਂ ਤੋਂ ਵਿਕਾਸ ਦੇ ਕੰਮ ਰੁਕੇ ਹੋਏ ਹਨ। ਖਾਸ ਤੌਰ ’ਤੇ ਸੀਵਰੇਜ ਪਾਈਪ ਲਾਈਨ ਦਾ ਕੰਮ ਅੱਧ ਵਿਚਕਾਰ ਲਟਕ ਰਿਹਾ ਹੈ। ਇਸ ਨੂੰ ਲੈ ਕੇ ਕਈ ਵਾਰ ਹਲਕਾ ਵਿਧਾਇਕ ਨੂੰ ਮਿਲੇ, ਪਰ ਕੋਈ ਹੱਲ ਨਹੀਂ ਨਿਕਲਿਆ। ਉਹ ਕਾਂਗਰਸ ਪਾਰਟੀ ਨਾਲ ਜੁੜੇ ਹੋਣ ਕਰਕੇ ਸੱਤਾਧਿਰ ਨੇ ਪ੍ਰਭਾਵ ਨਾਲ ਪੰਚਾਇਤ ਦਾ ਕੋਰਮ ਵੀ ਤੋੜ ਦਿੱਤਾ। ਅੱਜ ਪਿੰਡ ਵਿੱਚ ਵਿਧਾਇਕ ਦਾ ਪੀਏ ਗੁਰਦੁਆਰਾ ਸਾਹਿਬ ਅੰਦਰ ਬਣੇ ਪੰਚਾਇਤ ਘਰ ’ਚ ਨਸ਼ਿਆਂ ਸਬੰਧੀ ਮੀਟਿੰਗ ਕਰਨ ਆਏ ਸਨ। ਜਿਸ ਦੌਰਾਨ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਉਹ ਪਿੰਡ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਸਵਾਲ ਕਰਨ ਪਹੁੰਚੇ ਸਨ। ਪੰਚਾਇਤ ਸੈਕਟਰੀ ਅਤੇ ਐੱਸਐੱਚਓ ਵੱਲੋਂ ਭਰੋਸਾ ਦਿੱਤੇ ਜਾਣ ’ਤੇ ਉਨ੍ਹਾਂ ਪ੍ਰੋਗਰਾਮ ਵਿੱਚ ਕੋਈ ਵਿਘਨ ਨਹੀਂ ਪਾਇਆ, ਪਰ ਬਾਅਦ ਵਿੱਚ ਵਿਧਾਇਕ ਦਾ ਪੀਏ ਗੱਲ ਕੀਤੇ ਬਗੈਰ ਹੀ ਚਲਾ ਗਿਆ ਜਿਸ ਦੇ ਰੋਸ ਵਜੋਂ ਉਨ੍ਹਾਂ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦੇ ਵਿਕਾਸ ਕਾਰਜ ਜਲਦ ਸ਼ੁਰੂ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਪਿੰਡ ਦੇ ਲੋਕਾਂ ਨਾਲ ਨਾਲ ਲੈ ਕੇ ਵਿਧਾਇਕ ਦਾ ਤਿੱਖਾ ਵਿਰੋਧ ਕਰਨਗੇ।
ਵਿਧਾਇਕ ਦੇ ਪੀਏ ਬਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਰਪੰਚ ਅਤੇ ਉਸਦੇ ਸਾਥੀਆਂ ਨੂੰ ਮਿਲਣ ਲਈ ਬੁਲਾਇਆ ਸੀ, ਪਰ ਉਨ੍ਹਾਂ ਨੇ ਕੋਈ ਮੁਲਾਕਾਤ ਨਹੀਂ ਕੀਤੀ ਅਤੇ ਸਿਆਸੀ ਵਿਰੋਧ ਦੇ ਚੱਲਦਿਆਂ ਉਨ੍ਹਾਂ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਵਿਧਾਇਕ ਹਲਕੇ ਦੇ ਵਿਕਾਸ ਕਾਰਜਾਂ ਲਈ ਲਗਾਤਾਰ ਯਤਨਸ਼ੀਲ ਹਨ।