ਚੁੱਪ ਦਾ ਦਰਦ
ਦਰਸ਼ਨ ਸਿੰਘ
“ਗੱਲ ਸੁਣਾਵਾਂ?”
“ਸੁਣਾਉ ਭੂਆ ਜੀ। “
“ਸੁਣੇਂਗਾ?”
“ਹਾਂ, ਧਿਆਨ ਨਾਲ ਸੁਣਾਂਗਾ। “
ਹਰ ਵਾਰ ਹੀ ਗੱਲ ਸੁਣਨ ਲਈ ਮੈਂ ਆਪਣੀ ਭੂਆ ਕੋਲ ਬੈਠ ਜਾਂਦਾ। ਉਡੀਕਦਾ ਕਿ ਉਹ ਕਦ ਗੱਲ ਸੁਣਾਵੇਗੀ। ਕਦੋਂ ਕੁਝ ਬੋਲੇਗੀ। ਕੋਈ ਗੱਲ ਉਸ ਦੇ ਹੋਠਾਂ ‘ਚੋਂ ਬਾਹਰ ਨਾ ਆਉਂਦੀ। ਚੁੱਪ ਸਾਡੇ ਦੋਹਾਂ ਵਿਚਾਲੇ ਬਣੀ ਰਹਿੰਦੀ। ਬੈਠੇ ਬੈਠੇ ਮੈਂ ਥੱਕ ਵੀ ਜਾਂਦਾ। ਸੋਚਦਾ ਕਿ ਪਤਾ ਨਹੀਂ ਉਹ ਮੈਨੂੰ ਕੀ ਦੱਸਣਾ ਚਾਹੁੰਦੀ ਸੀ। ਉਸ ਦਾ ਕੋਈ ਧੀ-ਪੁੱਤ ਨਹੀਂ ਸੀ। ਫੁੱਫੜ ਨੇ ਵੀ ਕਦੀ ਸਿੱਧੇ ਮੂੰਹ ਬੁਲਾਇਆ ਨਹੀਂ ਸੀ। ਉਸ ਦੀਆਂ ਆਂਦਰਾਂ ਦੀ ਸੁਲਗਣ ਤੇ ਅੰਤਰਮਨ ਦੇ ਸੁੰਨੇਪਣ ਨੂੰ ਮੈਂ ਕਈ ਵਾਰ ਮਹਿਸੂਸ ਕੀਤਾ। ਸੋਚਦਾ ਸੀ, ਸ਼ਾਇਦ ਉਹ ਇਸੇ ਕਾਰਨ ਆਪਣੇ ਅੰਦਰ ਪਸਰੇ ਖਿਲਾਅ ਜਾਂ ਫਿਰ ਹੋਰ ਕੋਈ ਚੁੱਭਵੀਂ ਤੇ ਰੜਕਵੀਂ ਗੱਲ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੀ ਹੋਵੇ। ਪਤਾ ਨਹੀਂ ਕਿਹੜੀਆਂ ਗੱਲਾਂ ਨੇ ਉਸ ਕੋਲੋਂ ਉਸ ਦੀਆਂ ਨੀਂਦਰਾਂ ਖੋਹ ਲਈਆਂ ਸਨ। ਅਣਦੱਸੀਆਂ ਗੱਲਾਂ ਦਾ ਮਣਾਂ-ਮੂੰਹੀਂ ਬੋਝ ਹਰ ਵੇਲੇ ਉਸ ਦੇ ਦਿਮਾਗ਼ ‘ਚ ਲੱਦਿਆ ਰਹਿੰਦਾ। ਗੱਲਾਂ ਦਾ ਮੈਨੂੰ ਕਦੀ ਪਤਾ ਨਾ ਲੱਗਾ। ਉਰਲੀਆਂ ਪਰਲੀਆਂ ਕਿਆਸਅਰਾਈਆਂ ਮੈਂ ਲਾਉਂਦਾ ਰਿਹਾ।
ਉਦੋਂ ਮੈਂ ਜਲੰਧਰ ਦੇ ਇਕ ਕਾਲਜ ‘ਚ ਪੜ੍ਹਦਾ ਸੀ ਅਤੇ ਭੂਆ ਕੋਲ ਹੀ ਰਹਿੰਦਾ ਸੀ। ਉੱਚੀ ਲੰਮੀ ਸਿਆਹ ਕਾਲੇ ਕੇਸਾਂ ਵਾਲੀ ਭੂਆ ਨੂੰ ਕਈ ਵਾਰ ਘੋਰ ਉਦਾਸੀਆਂ ‘ਚ ਖੁੱਭੀ ਦੇਖਿਆ। ਭਾਂਡੇ ਧੋਂਦੀ, ਸਾਫ ਸਫਾਈ ਕਰਦੀ ਜਾਂ ਘਰ ਦਾ ਨਿੱਕ-ਸੁੱਕ ਸੰਭਾਲਦੇ ਹੋਇਆਂ ਵੀ ਉਹ ਮੈਨੂੰ ਸੋਚਾਂ ਤੇ ਖ਼ਿਆਲਾਂ ‘ਚ ਗੁਆਚੀ ਜਾਪਦੀ। ਹੰਭੇ ਹੰਭੇ ਜਾਪਦੇ ਉਸ ਦੇ ਸਾਹ ਮੈਨੂੰ ਡਰਾ ਦਿੰਦੇ। ਉਸ ਦਾ ਅੰਦਰ ਫਰੋਲਣ ਲਈ ਕੀਤਾ ਮੇਰਾ ਹਰ ਯਤਨ ਅਜਾਈਂ ਹੀ ਗਿਆ ਸੀ।
“ਭੂਆ, ਤੁਸੀਂ ਛੇਤੀ ਠੀਕ ਹੋ ਜਾਉਗੇ। ਦੋ ਤਿੰਨ ਦਿਨਾਂ ਨੂੰ ਹਸਪਤਾਲੋਂ ਛੁੱਟੀ ਮਿਲ ਜਾਵੇਗੀ।” ਹਸਪਤਾਲ ‘ਚ ਮਰੀਜ਼ ਬਣ ਕੇ ਆਈ ਭੂਆ ਨੂੰ ਮੈਂ ਇਕ ਦਿਨ ਕਿਹਾ। ਮਸਾਂ ਹੀ ਉਸ ਨੇ ਹੁੰਗਾਰਾ ਭਰਿਆ। ਟੈਸਟ… ਹੋਰ ਟੈਸਟ… ਫਿਰ ਹੋਰ। ਨੈਗੇਟਿਵ ਰਿਪੋਰਟਾਂ ਨੇ ਹੱਥ ਪੱਲੇ ਕੁਝ ਵੀ ਨਾ ਪਾਇਆ। ਗੋਲੀਆਂ, ਕੈਪਸੂਲ ਤੇ ਦਵਾਈਆਂ ਦੀਆਂ ਸ਼ੀਸ਼ੀਆਂ ਲੈ ਕੇ ਅਸੀਂ ਘਰ ਆ ਗਏ। ਦੱਸੇ ਅਨੁਸਾਰ ਮੈਂ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖਦਾ। ਦਵਾਈ ਦਿੰਦਾ, ਗੱਲਾਂ ਵੀ ਹੁੰਦੀਆਂ।
ਸੁਣ ਸੁਣ ਉਹ ਹੱਸਦੀ। ਦੇਖਦਿਆਂ ਮੇਰੀ ਖ਼ੁਸ਼ੀ ਹਿਸਾਬ-ਕਿਤਾਬ ਤੋਂ ਹੀ ਬਾਹਰ ਹੋ ਜਾਂਦੀ।
ਥੋੜ੍ਹੇ ਕੁ ਦਿਨ ਭੂਆ ਠੀਕ ਰਹਿੰਦੀ। ਹਾਲਤ ਫਿਰ ਉਸੇ ਤਰ੍ਹਾਂ ਹੋ ਜਾਂਦੀ। ਪਾਪਾ ਜੀ ਇਕ ਦਿਨ ਉਸ ਦੀ ਖ਼ਬਰਸਾਰ ਲਈ ਆਏ। “ਦੋ-ਚਾਰ ਦਿਨ ਸਾਡੇ ਕੋਲ ਆ ਜਾ। ਡਾਕਟਰ ਦੀ ਸਲਾਹ ਵੀ ਲਵਾਂਗੇ।” ਨਾਂਹ-ਨੁੱਕਰ ਕਰਦੀ ਭੂਆ ਆਖ਼ਰ ਪਾਪਾ ਜੀ ਨਾਲ ਚਾਰ ਪੰਜ ਦਿਨਾਂ ਜੋਗੇ ਸੂਟ ਝੋਲੇ ‘ਚ ਪਾ ਕੇ ਨਾ ਚਾਹੁੰਦੇ ਹੋਏ ਵੀ ਆ ਗਈ। ਮੈਂ ਵੀ ਘਰ ਮੁੜਿਆ। ਸਿਰ ਪੀੜ ਉਸ ਦੀ ਇੱਥੇ ਵੀ ਹੁੰਦੀ ਰਹਿੰਦੀ, ਮੱਥੇ ਦੀਆਂ ਨਸਾਂ ਖਿੱਚੀਆਂ ਰਹਿੰਦੀਆਂ। ਲੋੜ ਨਾਲੋਂ ਘੱਟ ਖਾਂਦੀ। ਭੂਆ ਦੀ ਵਧ ਰਹੀ ਬੇਚੈਨੀ ਦੇਖਦਿਆਂ ਪਰਿਵਾਰਕ ਸਲਾਹ ਅਨੁਸਾਰ ਮੈਂ ਆਪਣੇ ਫੈਮਿਲੀ ਡਾਕਟਰ ਕੋਲ ਗਿਆ। ਸਰੀਰ ਦਾ ਮੁਆਇਨਾ ਕੀਤਾ ਗਿਆ। ਕਾਊਂਂਸਲਿੰਗ ਹੋਈ ਪਰ ਭੂਆ ਦਾ ਹੁੰਗਾਰਾ ਉਤਸ਼ਾਹਹੀਣ ਹੀ ਰਿਹਾ। “ਚਿੰਤਾ ਦੀ ਗੱਲ ਨਹੀਂ। ਸਰੀਰਕ ਰੋਗ ਨਹੀਂ, ਕੁਝ ਸੋਚਾਂ ਤੇ ਖ਼ਿਆਲ ਹੀ ਹਨ ਜੋ ਇਨ੍ਹਾਂ ਦੀ ਮਾਨਸਿਕ ਪੀੜ ਤੇ ਪ੍ਰੇਸ਼ਾਨੀ ਦੀ ਵਜ੍ਹਾ ਹਨ।” ਡਾਕਟਰ ਨੇ ਬਾਹਰ ਆਉਂਦੇ ਮੈਨੂੰ ਕਿਹਾ।
ਥੋੜ੍ਹੇ ਜਿਹੇ ਇਲਾਜ ਪਿੱਛੋਂ ਚਿਹਰੇ ‘ਤੇ ਹਾਸੇ ਕੁਝ ਕੁਝ ਮੁੜੇ। ਤੰਦਰੁਸਤ ਜਾਪਦੀ ਭੂਆ ਆਪਣੇ ਘਰ ਮੁੜਨ ਦੀ ਜ਼ਿੱਦ ਕਰਨ ਲੱਗੀ। ਆਖ਼ਰ ਉਹ ਮੇਰੇ ਨਾਲ ਆ ਵੀ ਗਈ। ਫਿਰ ਤੋਂ ਉਹੀ ਛੱਤ, ਉਹੀ ਕੰਧਾਂ, ਉਹੋ ਹੀ ਸੌਣ ਲਈ ਮੰਜਾ ਬਿਸਤਰਾ, ਉਹੋ ਸਿਲਸਿਲਾ ਤੇ ਉਹੀ ਲੰਮੀ ਚੁੱਪ। “ਭੂਆ, ਤੁਸੀਂ ਮੈਨੂੰ ਕੋਈ ਗੱਲ ਸੁਣਾਉਣਾ ਚਾਹੁੰਦੇ ਸੀ।” ਇਕ ਦਿਨ ਮੈਂ ਕਿਹਾ। ਉਸ ਦੇ ਅੰਦਰ ਲੁਕੀ ਹੋਈ ਗੱਲ ਬਾਹਰ ਲਿਆਉਣ ਦੀ ਮੇਰੀ ਇਹ ਨਵੇਂ ਸਿਰਿਉਂ ਕੀਤੀ ਕੋਸ਼ਿਸ਼ ਸੀ ਪਰ ਮੈਨੂੰ ਜਾਪਿਆ ਕਿ ਭੂਆ ਦੇ ਅੰਦਰਲੀ ਗੱਲ ਨੇ ਮੇਰੇ ਪੁੱਛਣ ਨਾਲ ਜਿਵੇਂ ਫਿਰ ਤੋਂ ਸਿਰ ਚੁੱਕ ਲਿਆ ਹੋਵੇ। ਭਾਰੀ ਭੁੱਲ ਦਾ ਅਹਿਸਾਸ ਮੈਨੂੰ ਹੋਇਆ। ਉਸ ਦਿਨ ਤੋਂ ਹੀ ਉਹ ਫਿਰ ਮੰਜੇ ‘ਤੇ ਪੈ ਗਈ ਸੀ।
ਦਿਨ-ਬ-ਦਿਨ ਹਾਲਤ ਵਿਗੜੀ। ਦਸ ਕੁ ਦਿਨ ਵੱਖੋ-ਵੱਖ ਹਸਪਤਾਲਾਂ ‘ਚ ਉਸ ਦੇ ਸਾਹਾਂ ਨੂੰ ਬਚਾਉਣ ਤੇ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਰੇ ਯਤਨਾਂ ਤੇ ਉਪਰਾਲਿਆਂ ਦੇ ਬਾਵਜੂਦ ਉਹ ਸਾਥੋਂ ਸਦੀਵੀ ਵਿਛੜ ਗਈ। ਚੁੱਪ, ਉਦਾਸੀ, ਮਾਯੂਸੀ… ਇਹੋ ਹੁਣ ਬਾਕੀ ਸਨ।
ਉਨ੍ਹਾਂ ਦੇ ਹੋ ਰਹੇ ਸਸਕਾਰ ਸਮੇਂ ਮੈਂ ਸੋਚ ਰਿਹਾ ਸੀ ਕਿ ਜੋ ਗੱਲਾਂ, ਸੋਚਾਂ, ਖ਼ਿਆਲ ਤੇ ਭਾਵਨਾਵਾਂ ਸਾਡੇ ਮਨਾਂ ‘ਚ ਦੱਬੀਆਂ-ਘੁੱਟੀਆਂ ਪਈਆਂ ਰਹਿੰਦੀਆਂ ਹਨ, ਕਿਸੇ ਨਾਲ ਉਹ ਸਾਂਝੀਆਂ ਨਾ ਕੀਤੀਆਂ ਜਾਣ ਤਾਂ ਇਨ੍ਹਾਂ ਦੇ ਕਿੰਨੇ ਘਾਤਕ ਨਤੀਜੇ ਹੋ ਸਕਦੇ ਹਨ!
ਭੂਆ ਨੂੰ ਗੁਜ਼ਰਿਆਂ ਕਈ ਵਰ੍ਹੇ ਬੀਤ ਗਏ ਹਨ। “ਗੱਲ ਸੁਣਾਵਾਂ?” ਉਹ ਪਲ ਹੁਣ ਵੀ ਮੇਰੇ ਚੇਤਿਆ ‘ਚ ਵਸੇ ਹਨ। ਯਾਦ ਕਰਦਿਆਂ ਭੂਆ ਹੀ ਯਾਦ ਨਹੀਂ ਆਉਂਦੀ ਸਗੋਂ ਇਕੱਲ ਦਾ ਸੰਤਾਪ ਹੰਢਾਉਂਦੇ ਕਈ ਬਜ਼ੁਰਗ ਮੇਰੇ ਸਾਹਮਣੇ ਆਉਣ ਲਗਦੇ ਹਨ ਜਿਨ੍ਹਾਂ ਕੋਲ ਨਾ ਕੋਈ ਬੈਠਦਾ ਹੈ ਤੇ ਨਾ ਹੀ ਉਨ੍ਹਾਂ ਦੀ ਕੋਈ ਗੱਲ ਸੁਣਦਾ ਹੈ। ਆਖ਼ਰ ਕਿਉਂ? ਭੂਆ ਵਾਂਗ ਦਿਲ ਦੀਆਂ ਦਿਲ ਵਿਚ ਸਾਂਭੀ ਬੈਠੇ ਚੁੱਪ ਦਾ ਦਰਦ ਹੰਢਾਉਂਦੇ ਸਾਡੇ ਇਨ੍ਹਾਂ ਰੱਬ ਵਰਗੀਆਂ ਮਾਵਾਂ ਤੇ ਬਾਪੂਆਂ ਦਾ ਕੀ ਬਣੂ? ਕਿੰਨੀ ਵਾਰ ਮੈਂ ਇਹ ਸਵਾਲ ਕਈਆਂ ਨੂੰ ਪੁੱਛਿਆ ਹੈ। “ਦੇਖੋ, ਸ਼ਾਇਦ ਵਗਦੀਆਂ ਹਵਾਵਾਂ ਆਪਣੇ ਰੁਖ਼ ਕਦੀ ਬਦਲ ਹੀ ਲੈਣ…।” ਇਸ ਜਵਾਬ ‘ਚ ਮੈਨੂੰ ਕੋਈ ਆਸ ਦਿਖਾਈ ਦਿੰਦੀ ਹੈ ਭਾਵੇਂ ਆਸਾਂ-ਉਮੀਦਾਂ ਨੂੰ ਲੰਮੀਆਂ ਉਡੀਕਾਂ ‘ਚੋਂ ਲੰਘਣਾ ਪੈਂਦਾ ਹੈ, ਫਿਰ ਵੀ ਮੈਂ ‘ਹਾਂ’ ਵਿਚ ਹੁੰਗਾਰਾ ਭਰਦਾ ਸਕੂਨ ਤੇ ਵਿਸਮਾਦ ਨਾਲ ਭਰ ਜਾਂਦਾ ਹਾਂ।
ਸੰਪਰਕ: 94667-37933