ਚੀਨ ਤੇ ਤੁਰਕੀ ਭਰੋਸੇ ਤੇ ਸੰਵੇਦਨਸ਼ੀਲਤਾ ਦੀ ਕਦਰ ਕਰਨ: ਭਾਰਤ
ਅਜੈ ਬੈਨਰਜੀ
ਨਵੀਂ ਦਿੱਲੀ, 22 ਮਈ
ਭਾਰਤ ਨੇ ਚੀਨ ਅਤੇ ਤੁਰਕੀ ਨੂੰ ਦਿੱਤੀ ਪਹਿਲੀ ਅਧਿਕਾਰਤ ਪ੍ਰਤੀਕਿਰਿਆ ਵਿੱਚ ਦੋਵੇਂ ਦੇਸ਼ਾਂ ਨੂੰ ਚੇਤੇ ਕਰਵਾਇਆ ਹੈ ਕਿ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਭਰੋਸੇ ਅਤੇ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਜ਼ਿਕਰਯੋਗ ਹੈ ਕਿ ਚੀਨ ਤੇ ਤੁਰਕੀ ਦੋਹਾਂ ਨੇ ਹਾਲ ਹੀ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਫੌਜੀ ਟਕਰਾਅ ਦੌਰਾਨ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਇਹ ਪੁੱਛੇ ਜਾਣ ’ਤੇ ਕਿ ਕੀ ਭਾਰਤ ਨੇ 7 ਤੋਂ 10 ਮਈ ਤੱਕ ਚੱਲੇ ‘ਅਪਰੇਸ਼ਨ ਸਿੰਧੂਰ’ ਦੌਰਾਨ ਚੀਨ ਨੂੰ ਕੋਈ ਸੁਨੇਹਾ ਦਿੱਤਾ ਸੀ, ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ 10 ਮਈ ਨੂੰ ਚੀਨੀ ਵਿਦੇਸ਼ ਮੰਤਰੀ ਅਤੇ ਸਰਹੱਦੀ ਮੁੱਦਿਆਂ ਬਾਰੇ ਵਿਸ਼ੇਸ਼ ਪ੍ਰਤੀਨਿਧ ਨਾਲ ਗੱਲ ਕੀਤੀ ਸੀ। ਜੈਸਵਾਲ ਨੇ ਕਿਹਾ, ‘‘ਕੌਮੀ ਸੁਰੱਖਿਆ ਸਲਾਹਕਾਰ ਨੇ ਸਰਹੱਦ ਪਾਰ ਪਾਕਿਸਤਾਨ ਤੋਂ ਪੈਦਾ ਹੋਣ ਵਾਲੇ ਅਤਿਵਾਦ ਖ਼ਿਲਾਫ਼ ਭਾਰਤ ਦੇ ਸਖ਼ਤ ਰੁਖ਼ ਤੋਂ ਉਨ੍ਹਾਂ ਨੂੰ ਜਾਣੂ ਕਰਵਾ ਦਿੱਤਾ ਸੀ।’’ ਉਨ੍ਹਾਂ ਕਿਹਾ ਕਿ ਚੀਨੀ ਪੱਖ ਜਾਣਦਾ ਹੈ ਕਿ ਆਪਸੀ ਵਿਸ਼ਵਾਸ, ਆਪਸੀ ਸਨਮਾਨ ਅਤੇ ਆਪਸੀ ਸੰਵੇਦਨਸ਼ੀਲਤਾ ਭਾਰਤ-ਚੀਨ ਸਬੰਧਾਂ ਦਾ ਆਧਾਰ ਬਣੇ ਹੋਏ ਹਨ।’’ ਇਸੇ ਤਰ੍ਹਾਂ ਤੁਰਕੀ-ਪਾਕਿਸਤਾਨ ਸਬੰਧਾਂ ਬਾਰੇ ਜੈਸਵਾਲ ਨੇ ਤੁਰਕੀ ਨੂੰ ਸਪੱਸ਼ਟ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਬੰਧ ਇਕ-ਦੂਜੇ ਪ੍ਰਤੀ ਸੰਵੇਦਨਸ਼ੀਲਤਾ ਦੇ ਆਧਾਰ ’ਤੇ ਬਣਾਏ ਜਾਂਦੇ ਹਨ।