ਚੀਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਜ਼ਖ਼ਮੀ
ਪੱਤਰ ਪ੍ਰੇਰਕ
ਜਲੰਧਰ, 11 ਜਨਵਰੀ
ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ 45 ਸਾਲਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਆਦਮਪੁਰ ਦੇ ਇੱਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹਰਪ੍ਰੀਤ ਸਿੰਘ ਵਾਸੀ ਪਿੰਡ ਸਾਰੋਬਾਦ ਦੀ ਪਤਨੀ ਸਤਿੰਦਰ ਕੌਰ ਨੇ ਦੱਸਿਆ ਕਿ ਅੱਜ ਦੁਪਹਿਰ ਆਦਮਪੁਰ ਤੋਂ ਭੋਗਪੁਰ ਜੀਟੀ ਰੋਡ ’ਤੇ ਪਿੰਡ ਨਾਹਲ ਵਿਖੇ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਉਸ ਦੇ ਪਤੀ ਦਾ ਗਲਾ ਕੱਟਿਆ ਗਿਆ ਅਤੇ ਰੋਡ ’ਤੇ ਡਿੱਗਣ ਕਰਕੇ ਉਹ ਬੇਹੋਸ਼ ਹੋ ਗਿਆ। ਰਾਹਗੀਰਾਂ ਵੱਲੋਂ ਉਸ ਨੂੰ ਆਦਮਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰ ਦੇ ਕਹਿਣ ਮੁਤਾਬਕ ਗਲਾ ਕੱਟਿਆ ਗਿਆ ਹੈ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ।
ਚਾਈਨਾ ਡੋਰ ਖ਼ਿਲਾਫ਼ ਆਦਮਪੁਰ ਪੁਲੀਸ ਸਖ਼ਤ
ਡੀਐੱਸਪੀ ਕੁਲਵੰਤ ਸਿੰਘ ਆਦਮਪੁਰ ਦੀ ਅਗਵਾਈ ਹੇਠ ਥਾਣਾ ਮੁਖੀ ਰਵਿੰਦਰ ਪਾਲ ਸਿੰਘ ਸਮੇਤ ਪੁਲੀਸ ਪਾਰਟੀ ਵੱਲੋਂ ਚੀਨੀ ਡੋਰ ਵੇਚਣ ਵਾਲੀਆਂ ਵੱਖ-ਵੱਖ ਦੁਕਾਨਾਂ ’ਤੇ ਛਾਪੇ ਮਾਰੇ ਗਏ ਪਰ ਕਿਸੇ ਵੀ ਦੁਕਾਨਦਾਰ ਪਾਸੋਂ ਡੋਰ ਨਹੀਂ ਮਿਲੀ। ਥਾਣਾ ਮੁਖੀ ਰਵਿੰਦਰ ਪਾਲ ਸਿੰਘ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਤੋਂ ਚਾਈਨਾ ਡੋਰ ਬਰਾਮਦ ਹੋਈ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।