ਚਿੱਠੀਆਂ ਦੇ ਵੱਡੇ ਜਿਗਰੇ
ਗੁਰਪ੍ਰੀਤ
‘ਚਿੱਠੀ’ ਲਫ਼ਜ਼ ਪੜ੍ਹਦਿਆਂ, ਲਿਖਦਿਆਂ, ਸੁਣਦਿਆਂ ਮੇਰੇ ਸਾਹਮਣੇ ਦਾਦੀ ਆ ਖੜ੍ਹਦੀ ਹੈ। ਹੱਥ ’ਚ ਸੋਟੀ। ਸੋਟੀ ਉਹਦੇ ਤੁਰਨ ਦਾ ਸਹਾਰਾ ਬਣਦੀ। ਪਰ ਮੈਂ ਤਾਂ ਉਹਨੂੰ ਕਦੇ ਤੁਰਦੀ ਨੂੰ ਦੇਖਿਆ ਹੀ ਨਹੀਂ ਸੀ। ਉਹ ਸਦਾ ਮੰਜੇ ’ਤੇ ਪਈ ਹੁੰਦੀ, ਜੰਗਲੇ ਵਾਲੀ ਬਾਰੀ ਦੇ ਨਾਲ। ਮੈਨੂੰ ਹਾਕ ਮਾਰਦੀ- ਕੁੱਕੀ, ਪਾਣੀ ਦੇ ਕੇ ਜਾਈਂ। ਇਹ ਬੋਲ ਮੈਨੂੰ ਉਦੋਂ ਸੁਣਦੇ ਜਦੋਂ ਮੈਂ ਕਿਤਾਬਾਂ ਵਾਲੀ ਟਰੰਕੀ ਹੱਥ ’ਚ ਫੜੀ ਸਕੂਲ ਜਾਂਦਾ ਹੁੰਦਾ। ਮੈਨੂੰ ਪਤਾ ਹੁੰਦਾ। ਉਹਨੇ ਪਾਣੀ ਨਹੀਂ ਪੀਣਾ। ਉਹਨੇ ਤਾਂ ਮੈਨੂੰ ਦਸੀ ਪੰਜੀ ਦੇਣੀ ਹੁੰਦੀ। ਉਹ ਪਾਣੀ ਦਾ ਗਲਾਸ ਫੜਦੀ ਤੇ ਦੂਜੇ ਹੱਥ ਨਾਲ ਬੋਚ ਕੇ ਮੇਰੀ ਮੁੱਠੀ ’ਚ ਭਾਨ ਰੱਖ ਦਿੰਦੀ। ਮੈਂ ਹੈਰਾਨ ਹੁੰਦਾ, ਉਹ ਇਹ ਗੱਲ ਕਿਸ ਤੋਂ ਲੁਕਾਉਂਦੀ ਹੈ? ਕਿਉਂ ਲੁਕਾਉਂਦੀ ਹੈ? ਇਸ ਦਸੀ-ਪੰਜੀ ਨਾਲ ਮੇਰੀ ਅੱਧੀ ਛੁੱਟੀ ਮਿੱਠੀ ਹੋ ਜਾਂਦੀ। ਜਵਾਰ ਦੇ ਲੱਡੂ ਤੇ ਸੰਤਰਾ-ਗੋਲੀਆਂ ਮੈਂ ਸੁਆਦ ਲੈ ਲੈ ਖਾਂਦਾ। ਅੱਧੀ ਛੁੱਟੀ ਦਾਦੀ ਕਰਕੇ ਕਿੰਨੀ ਸੋਹਣੀ ਹੋ ਜਾਂਦੀ, ਮੇਰੀ ਦਾਦੀ ਜਿੰਨੀ ਸੋਹਣੀ। ਮੈਂ ਉਸ ਦਿਨ ਅੱਧੀ ਛੁੱਟੀ ਦੀ ਉਡੀਕ ’ਚ ਰਹਿੰਦਾ।
ਕਦੇ-ਕਦੇ ਸਕੂਲੋਂ ਮੁੜਦੇ ਨੂੰ ਹਾਕ ਪੈਂਦੀ, “ਕੁੱਕੀ, ਗੱਲ ਸੁਣ!”
ਮੈਨੂੰ ਪਤਾ ਹੁੰਦਾ, ਜਾਂ ਤਾਂ ਭੂਆ ਦੀ ਚਿੱਠੀ ਆਈ ਹੋਊ, ਜੋ ਮੈਂ ਪੜ੍ਹ ਕੇ ਸੁਣਾਉਣੀ ਹੈ ਜਾਂ ਫਿਰ ਭੂਆ ਨੂੰ ਚਿੱਠੀ ਲਿਖਣੀ ਹੋਊ।
ਪਿੱਤਲ ਦੀ ਥਾਲੀ ਅਤੇ ਨੀਲਾ ਲਿਫ਼ਾਫ਼ਾ ਦਾਦੀ ਦੇ ਸਿਰਹਾਣੇ ਪਿਆ ਹੁੰਦਾ। ਇਹ ਦੋਵੇਂ ਸ਼ੈਆਂ ਮੇਰੇ ਧੁਰ ਅੰਦਰ ਵਸ ਚੁੱਕੀਆਂ ਨੇ। ਪਿੱਤਲ ਦੀ ਚਮਕਦੀ ਥਾਲੀ ਮੈਨੂੰ ਬਹੁਤ ਭਾਉਂਦੀ। ਕੂਲ਼ੀ-ਕੂਲ਼ੀ। ਇਸੇ ਤਰ੍ਹਾਂ ਨੀਲਾ ਲਿਫ਼ਾਫ਼ਾ। ਹੁਣ ਵੀ ਕਦੇ-ਕਦੇ ਨੀਲਾ ਅੰਬਰ ਮੈਨੂੰ ਨੀਲਾ ਲਿਫ਼ਾਫ਼ਾ ਹੀ ਲੱਗਦਾ ਹੈ। ਇਨਲੈਂਡ ਲੈਟਰ। ਜਿਸ ’ਤੇ ਮੈਂ ਚਿੱਠੀ ਲਿਖ ਰਿਹਾ ਹੁੰਦਾ ਹਾਂ ਜਾਂ ਪੜ੍ਹ ਰਿਹਾ। ਥਾਲੀ ’ਤੇ ਪੱਤਰ ਰੱਖ ਮੈਂ ਲਿਖਣ ਲੱਗਦਾ:
॥ੴ ਸਤਿਗੁਰ ਪ੍ਰਸਾਦ॥
ਸਤਿਕਾਰਯੋਗ ਭੂਆ ਜੀ ਤੇ ਫੁੱਫੜ ਜੀ। ਸਤਿ ਸ੍ਰੀ ਅਕਾਲ! ਇੱਥੇ ਸਭ ਰਾਜ਼ੀ ਖ਼ੁਸ਼ੀ ਹੈ। ਆਪ ਜੀ ਦੀ ਰਾਜ਼ੀ ਖ਼ੁਸ਼ੀ ਪਰਮਾਤਮਾ ਪਾਸੋਂ ਸਦਾ ਨੇਕ ਚਾਹੁੰਦਾ ਹਾਂ। ਅੱਗੇ ਸਮਾਚਾਰ ਇਹ ਹੈ ਕਿ ...
ਇਹ ਲਿਖ ਮੈਂ ਦਾਦੀ ਨੂੰ ਪੁੱਛਦਾ ਕਿ ਦੱਸੋ ਕੀ ਲਿਖਣਾ ਹੈ? ਉਹ ਕਹਿੰਦੀ-ਪਹਿਲਾਂ ਪੜ੍ਹ ਕੇ ਸੁਣਾ, ਕੀ ਲਿਖਿਆ ਹੈ? ਮੈਂ ਲਿਖੇ ਹੋਏ ਨੂੰ ਪੜ੍ਹ ਕੇ ਸੁਣਾਉਂਦਾ ਤਾਂ ਉਹ ਅੱਗੇ ਲਿਖਣ ਲਈ ਦੱਸਦੀ। ਮੈਂ ਲਿਖਦਾ ਤੇ ਪੁੱਛਦਾ- ਹੋਰ ਦੱਸੋ। ਉਹ ਫਿਰ ਕਹਿੰਦੀ- ਪਹਿਲਾਂ ਪੜ੍ਹ ਕੇ ਸੁਣਾ। ਉਹ ਲਿਖੇ ਹੋਏ ਅੱਖਰਾਂ ਨੂੰ ਪੜ੍ਹਾ ਕੇ ਸੁਣਦੀ ਹੀ ਨਹੀਂ ਸੀ, ਦੇਖਦੀ ਵੀ। ਉਹਨੂੰ ਅੱਖਰ ਦੇਖਣੇ ਕਿਹੋ ਜਿਹੇ ਲਗਦੇ ਹੋਣਗੇ ? ਸ਼ਾਇਦ ਇਹ ਅੱਖਰ ਉਹਦੇ ਲਈ ਉਨ੍ਹਾਂ ਦੁੱਖਾਂ-ਸੁੱਖਾਂ ਦਾ ਹੀ ਕੋਈ ਰੂਪ ਹੁੰਦਾ ਹੋਵੇਗਾ, ਜਿਹੜਾ ਉਹ ਆਪਣੀ ਧੀ ਨਾਲ ਕਰਦੀ ਜਾਂ ਜਿਹੜਾ ਧੀ ਆਪਣੀ ਮਾਂ ਨਾਲ ਕਰਦੀ। ਚਾਲੀ ਸਾਲਾਂ ਬਾਅਦ ਕਵਿਤਾ ਦੀਆਂ ਤਿੰਨ ਸਤਰਾਂ ਨੇ ਇਹ ਭੇਤ ਖੋਲ੍ਹਿਆ:
ਧੀ ਲਿਖੇ/ ਮਾਂ ਨੂੰ ਚਿੱਠੀ/ ਅੱਖਰ ਸਿੱਲ੍ਹੇ...
ਚਿੱਠੀ ਦੇ ਅਖੀਰ ’ਚ ਇੱਕ-ਅੱਧ ਪੰਕਤੀ ਮੈਂ ਆਪਣੀ ਮਰਜ਼ੀ ਦੀ ਲਿਖਦਾ। ਇਸ ਸਤਰ ’ਚ ਮੈਂ ਭੂਆ ਤੋਂ ਕੁਝ ਨਾ ਕੁਝ ਮੰਗਵਾਉਣਾ ਹੁੰਦਾ। ਇਹ ਸਤਰ ਮੈਂ ਦਾਦੀ ਨੂੰ ਨਾ ਦੱਸਦਾ। ਸ਼ਾਇਦ ਇਹ ਗੱਲ ਉਹ ਮੇਰੇ ਦੱਸੇ ਬਿਨਾਂ ਹੀ ਜਾਣਦੀ ਹੋਵੇ। ਦਿੱਲੀ ਰਹਿੰਦੀ ਭੂਆ ਦੀ ਲਿਆਂਦੀ ਹਰ ਚੀਜ਼, ਮੇਰੇ ਆੜੀਆਂ ਦੀਆਂ ਚੀਜ਼ਾਂ ਤੋਂ ਵੱਖਰੀ ਹੁੰਦੀ- ਸੋਹਣੀ, ਮਜ਼ਬੂਤ ਤੇ ਵੱਧ ਹੰਢਣਸਾਰ। ਮੂੰਹ ਨਾਲ ਵਜਾਉਣ ਵਾਲਾ ਵਾਜਾ ਮੈਨੂੰ ਬਹੁਤ ਪਸੰਦ ਆਇਆ। ਜਿਹੜੀ ਲਾਲ ਡੱਬੀ ਵਿੱਚ ਉਹ ਬੰਦ ਸੀ, ਉਹ ਉਸ ਤੋਂ ਵੀ ਸੋਹਣੀ ਸੀ। ਡੱਬੀ ਮੈਨੂੰ ਅਜੇ ਵੀ ਯਾਦ ਹੈ। ਉਹਦੀ ਮਖਮਲੀ ਛੋਹ ਮੈਂ ਅੱਜ ਵੀ ਮਹਿਸੂਸ ਕਰ ਰਿਹਾ ਹਾਂ।
ਇਹ ਭੂਆ ਨੂੰ ਲਿਖੀਆਂ ਚਿੱਠੀਆਂ ਦੀ ਕਰਾਮਾਤ ਹੀ ਸੀ ਕਿ ਲਾਲ ਰੰਗ ਦੀ ਚਮਕਦੀ ਕੋਟੀ ਕਿੰਨੇ ਹੀ ਵਰ੍ਹੇ ਮੇਰੇ ਤੋਂ ਬਾਅਦ ਕਿੰਨੇ ਹੀ ਨਿਆਣਿਆਂ ਨੇ ਹੰਢਾਈ ਪਾਈ ਸੀ। ਯਾਦ ਆ ਰਹੀ ਹੈ ਤੋਤਿਆਂ ਦੇ ਪ੍ਰਿੰਟ ਵਾਲੀ ਕਮੀਜ਼। ਨਾਨਕੇ ਮੇਰੀ ਮਾਮੀ ਨੇ ਮੱਲੋ-ਮੱਲੀ ਮੇਰੇ ਪਾਈ ਹੋਈ ਲੁਹਾ ਕੇ ਧੋ ਦਿੱਤੀ ਸੀ। ਘਰਾਂ ’ਚੋਂ ਮੇਰੀ ਬੰਗਾਲਣ ਮਾਮੀ, ਸ਼ਾਇਦ ਇਹਨੂੰ ਛੂਹਣਾ ਚਾਹੁੰਦੀ ਸੀ। ਖਾਲ਼ ’ਤੇ ਕੱਪੜੇ ਧੋਣ ਦਾ ਉਹ ਦ੍ਰਿਸ਼ ਮੈਨੂੰ ਅਜੇ ਵੀ ਯਾਦ ਹੈ।
ਚਿੱਠੀਆਂ ਮੈਂ ਦੋਸਤਾਂ ਨੂੰ ਵੀ ਬਹੁਤ ਲਿਖੀਆਂ ਨੇ। ਦੋਸਤਾਂ ਦੀ ਆਉਂਦੀਆਂ ਵੀ ਬਹੁਤ ਸੀ। ਕੰਮ ਤੋਂ ਘਰੇ ਆਉਂਦਿਆਂ ਮੈਂ ਪਹਿਲੀ ਗੱਲ ਇਹੋ ਪੁੱਛਦਾ- ਚਿੱਠੀ ਨ੍ਹੀਂ ਆਈ ਕੋਈ? ਤੇ ਆਪਣੇ ਮੇਜ਼ ’ਤੇ ਨਿਗ੍ਹਾ ਮਾਰਦਾ। ਲਿਖਣ ਪੜ੍ਹਨ ਵਾਲਿਆਂ ਦੀਆਂ ਕਈ ਚਿੱਠੀਆਂ ਆਈਆਂ ਹੁੰਦੀਆਂ। ਪਾਣੀ ਪੀਣ ਤੋਂ ਪਹਿਲਾਂ ਮੈਂ ਇਹ ਪੜ੍ਹਦਾ। ਚਿੱਠੀਆਂ ਲਿਖਣ ਲਈ ਮੈਂ ਲੈਟਰ-ਪੈਡ ਛਪਵਾਈ ਹੋਈ ਸੀ। ਉਹਦੇ ਇੱਕ ਪਾਸੇ ਆਪਣੀ ਕਵਿਤਾ ਦੀਆਂ ਕੁਝ ਪੰਕਤੀਆਂ ਮੈਂ ਲਿਖੀਆਂ ਹੋਈਆਂ ਸਨ:
ਸਾਹਾਂ ਦਾ ਕੀ ਐ/ ਇਹ ਤਾਂ ਆਉਂਦੇ ਹੀ ਰਹਿਣੇ ਨੇ/ ਜਿਉਣ ਲਈ ਬਹੁਤ ਹੀ ਲਾਜ਼ਮ ਹੈ/ ਦੋਸਤਾਂ ਨੂੰ ਖ਼ਤ ਲਿਖਣੇ...
ਖ਼ਤਾਂ ਦੀ ਇਹ ਬਾਤ ਕਦੋਂ ਦੀ ਮੁੱਕ ਚੁੱਕੀ ਹੈ। ਰੰਗ-ਢੰਗ ਬਦਲ ਗਏ ਹਨ ਤੇ ਬਦਲਣੇ ਹੀ ਚਾਹੀਦੇ ਹਨ। ਹੁਣ ਪਲ਼ੋ-ਪਲ਼ੀ ਸੁਨੇਹੇ ਇੱਕ ਦੂਜੇ ਕੋਲ ਪਹੁੰਚ ਜਾਂਦੇ ਨੇ, ਇਹਦੀ ਆਪਣੀ ਮੌਜ ਹੈ ਤੇ ਸੌਖ ਵੀ। ਪਰ ਮਨੁੱਖ ਸਭ ਤੋਂ ਵੱਧ ਆਪਣੀਆਂ ਸਮ੍ਰਿਤੀਆਂ-ਯਾਦਾਂ ’ਚ ਜਿਊਂਦਾ ਮਰਦਾ ਹੈ। ਯਾਦਾਂ ਦੀ ਇਹ ਖੇਡ ਕਮਾਲ ਹੈ। ਮੇਰੇ ਬਚਪਨ ਤੇ ਜੁਆਨੀ ਦਾ ਬਹੁਤਾ ਹਿੱਸਾ ਇਨ੍ਹਾਂ ਚਿੱਠੀਆਂ ਵਿੱਚ ਹੀ ਬਣਿਆ-ਮਿਟਿਆ ਹੈ। ਦੋ ਮਹੀਨੇ ਪਹਿਲਾਂ ਮੈਂ ਨੱਬਿਆਂ ਦੇ ਨੇੜੇ ਢੁੱਕੀ ਆਪਣੀ ਭੂਆ ਨੂੰ ਫੋਨ ਕੀਤਾ। ਉਹ ਅੱਜ ਮੰਜੇ ’ਤੇ ਹੀ ਹੈ। ਹਾਲ-ਚਾਲ ਪੁੱਛਣ ਤੋਂ ਬਾਅਦ ਮੈਂ ਆਪਣੇ ਬਚਪਨ ਦੀ ਗੱਲ ਛੇੜਦਿਆਂ ਚਿੱਠੀਆਂ ਦਾ ਜ਼ਿਕਰ ਕਰਦਿਆਂ ਪੁੱਛਿਆ, ‘‘ਭੂਆ ਜੀ, ਮੇਰੀ ਲਿਖੀ ਕੋਈ ਚਿੱਠੀ ਤਾਂ ਨਾ ਪਈ, ਕਿਸੇ ਟਰੰਕ-ਪੇਟੀ ’ਚ?’’ ਭੂਆ ਨੇ ਲੰਮਾ ਹਾਉਕਾ ਭਰਦਿਆਂ ਕਿਹਾ, ‘‘ਹੁਣ ਤਾਂ ਆਪਣਾ ਆਪ ਵੀ ਨ੍ਹੀਂ ਪਤਾ ਕਿੱਥੇ ਪਿਆ, ਚਿੱਠੀਆਂ ਦਾ ਕੀ ਪਤੈ!’’ ਸਹੀ ਪਤੇ ’ਤੇ ਪਾਈਆਂ ਚਿੱਠੀਆਂ ਦੇ ਪਤੇ ਹੁਣ ਕਿਧਰੇ ਗੁੰਮ-ਗੁਆਚ ਗਏ ਨੇ। ਭੂਆ ਵੀ ਨਹੀਂ ਰਹੀ ਹੁਣ ਤਾਂ...
ਚਿੱਠੀ ਬਹਾਨੇ ਮੈਂ ਆਪਣੀ ਦਾਦੀ ਕੋਲ ਫਿਰ ਪਰਤ ਆਇਆ ਹਾਂ। ਉਹ ਮੈਥੋਂ ਹੀ ਚਿੱਠੀ ਲਿਖਵਾਉਂਦੀ/ ਪੜ੍ਹਾਉਂਦੀ ਸੀ? ਇਹ ਖਿਆਲ਼ ਮੈਨੂੰ ਉਦੋਂ ਨ੍ਹੀਂ ਸੀ ਆਉਂਦਾ। ਨਿਆਣਾ ਤਾਂ ਸੀ। ਤੀਜੀ-ਚੌਥੀ ’ਚ ਪੜ੍ਹਦਾ। ਮੈਨੂੰ ਉਦੋਂ ਕਦੋਂ ਸਮਝ ਸੀ ਕਿ ਦਾਦੀ ਕੀ ਲਿਖਵਾਉਂਦੀ ਹੈ ਤੇ ਭੂਆ ਚਿੱਠੀ ’ਚ ਕੀ ਲਿਖ ਕੇ ਭੇਜਦੀ ਹੈ। ਮੈਨੂੰ ਤਾਂ ਸਿਰਫ਼ ਸ਼ਬਦ ਹੀ ਪੜ੍ਹਨੇ ਆਉਂਦੇ ਸਨ। ਇਹ ਗੱਲ ਤਾਂ ਕਿਤੇ ਬਾਅਦ ’ਚ ਸਮਝ ਪਈ ਕਿ ਦਾਦੀ ਚਾਚੇ ਤੇ ਛੋਟੀ ਭੂਆ ਤੋਂ ਚਿੱਠੀ ਕਿਉਂ ਨ੍ਹੀਂ ਸੀ ਲਿਖਵਾਉਂਦੀ। ਮਾਵਾਂ ਧੀਆਂ ਦੇ ਸੌ ਪਰਦੇ ਹੁੰਦੇ ਨੇ। ਚਿੱਠੀਆਂ ਨੇ ਇਹ ਪਰਦੇ ਆਪਣੇ ਧੁਰ ਅੰਦਰ ਸਾਂਭੇ ਹੁੰਦੇ ਨੇ। ਚਿੱਠੀਆਂ ਦੇ ਜਿਗਰੇ ਕਿੰਨੇ ਵੱਡੇ ਹੁੰਦੇ ਸੀ।
ਸੰਪਰਕ: 98723-75898