ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ...

02:32 PM Feb 04, 2023 IST

ਜੱਗਾ ਸਿੰਘ ਆਦਮਕੇ

Advertisement

ਲੋਕ ਵਿਸ਼ਵਾਸ ਕਿਸੇ ਜਨ ਸਮੂਹ ਦੇ ਆਮ ਲੋਕਾਂ ਦੁਆਰਾ ਸਵਿਕਾਰੇ ਅਤੇ ਉਨ੍ਹਾਂ ਵਿੱਚ ਵਿਆਪਕ ਰੂਪ ਵਿੱਚ ਪ੍ਰਚੱਲਿਤ ਵੱਖ ਵੱਖ ਤਰ੍ਹਾਂ ਦੇ ਵਿਸ਼ਵਾਸ ਹਨ। ਵਿਸ਼ਵਾਸ ਕਿਸੇ ਦ੍ਰਿਸ਼ ਅਦ੍ਰਿਸ਼ ਵਸਤੂ, ਕਾਲਪਨਿਕ ਵਰਤਾਰੇ ਆਦਿ ਵਿੱਚ ਯਕੀਨ ਹੈ। ਵਿਸ਼ਵਾਸ ਕਿਸੇ ਵਿਅਕਤੀ ਦਾ ਨਿੱਜੀ ਮਾਮਲਾ ਹੈ ਅਤੇ ਵੱਖ ਵੱਖ ਵਿਅਕਤੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਵਿਸ਼ਵਾਸ ਕੀਤੇ ਜਾਂਦੇ ਹਨ, ਪਰ ਜਦੋਂ ਅਜਿਹੇ ਵਿਸ਼ਵਾਸ ਸਬੰਧਤ ਖੇਤਰ ਦੇ ਇੱਕ ਵੱਡੇ ਜਨ ਸਮੂਹ ਵੱਲੋਂ ਕੀਤੇ ਜਾਣ ਲੱਗਦੇ ਹਨ ਤਾਂ ਇਹ ਲੋਕ ਵਿਸ਼ਵਾਸ ਦਾ ਦਰਜਾ ਪ੍ਰਾਪਤ ਕਰ ਜਾਂਦੇ ਹਨ। ਇਸ ਤਰ੍ਹਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਸ਼ਵਾਸ ਕਈ ਵਾਰ ਸਮਾਂ ਪਾ ਕੇ ਲੋਕ ਵਿਸ਼ਵਾਸ ਦਾ ਦਰਜਾ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਵੀ ਰੱਖਦੇ ਹਨ।

ਵਿਸ਼ਵਾਸ ਕਰਨਾ ਮਨੁੱਖ ਦੀ ਮੂਲ ਪ੍ਰਵਿਰਤੀ ਰਹੀ ਹੈ ਅਤੇ ਅੱਗੇ ਇਹ ਲੋਕ ਵਿਸ਼ਵਾਸਾਂ ਦਾ ਸਥਾਨ ਪ੍ਰਾਪਤ ਕਰਦੇ ਰਹੇ ਹਨ। ਅਜਿਹੇ ਵਿਸ਼ਵਾਸ ਪਰੰਪਰਾ ਦੇ ਰੂਪ ਵਿੱਚ ਅੱਗੇ ਚੱਲਦੇ ਰਹਿੰਦੇ ਹਨ। ਸਮੇਂ ਨਾਲ ਇਨ੍ਹਾਂ ਵਿੱਚ ਕੁਝ ਬਦਲਾਅ ਹੁੰਦਾ ਰਹਿੰਦਾ ਹੈ ਅਤੇ ਨਵਾਂ ਜੁੜਦਾ ਰਹਿੰਦਾ ਹੈ। ਲੋਕ ਵਿਸ਼ਵਾਸਾਂ ਦਾ ਆਪਣਾ ਸਮਾਜਿਕ ਅਤੇ ਮਾਨਸਿਕ ਮਹੱਤਵ ਹੁੰਦਾ ਹੈ। ਇਸ ਤਰ੍ਹਾਂ ਕਿਸੇ ਖਿੱਤੇ ਦਾ ਸੱਭਿਆਚਾਰ ਸਬੰਧਤ ਲੋਕਾਂ ਦੇ ਜੀਵਨ ਦੇ ਸੰਪੂਰਨ ਪੱਖਾਂ ਦਾ ਪ੍ਰਗਟਾਵਾ ਹੁੰਦਾ ਹੈ। ਕੁਝ ਇਸ ਤਰ੍ਹਾਂ ਹੀ ਸਬੰਧਤ ਖਿੱਤੇ ਦੇ ਲੋਕ ਗੀਤ ਵੀ ਉਨ੍ਹਾਂ ਦੇ ਜੀਵਨ ਦੇ ਸਾਰੇ ਪੱਖਾਂ ਦੀ ਪੇਸ਼ਕਾਰੀ ਕਰਨ ਵਾਲੇ ਅਤੇ ਸਬੰਧਤ ਜਨ ਜੀਵਨ ਦਾ ਦਰਪਣ ਹੁੰਦੇ ਹਨ। ਲੋਕ ਵਿਸ਼ਵਾਸ ਕਿਸੇ ਖਿੱਤੇ ਦੇ ਲੋਕ ਜੀਵਨ ਦਾ ਜ਼ਰੂਰੀ ਅੰਗ ਹੁੰਦੇ ਹਨ। ਅਜਿਹਾ ਹੋਣ ਕਾਰਨ ਸਬੰਧਤ ਖਿੱਤੇ ਦੇ ਸੱਭਿਆਚਾਰ ਅਤੇ ਲੋਕ ਗੀਤਾਂ ਵਿੱਚ ਲੋਕ ਵਿਸ਼ਵਾਸ ਆਪਣੀ ਹੋਂਦ ਵਿਖਾਉਂਦੇ ਹਨ। ਲੋਕ ਗੀਤਾਂ ਵਿੱਚ ਵੱਖ ਵੱਖ ਤਰੀਕਿਆਂ ਨਾਲ ਲੋਕ ਵਿਸ਼ਵਾਸ ਸਪੱਸ਼ਟ ਝਲਕਦੇ ਹਨ।

Advertisement

ਲੋਕਾਂ ਵਿੱਚ ਭੂਤ ਪ੍ਰੇਤਾਂ ਸਬੰਧੀ ਤਰ੍ਹਾਂ ਤਰ੍ਹਾਂ ਦੇ ਵਿਸ਼ਵਾਸ ਪ੍ਰਚੱਲਿਤ ਹਨ। ਜਿੱਥੇ ਸੱਸਾਂ ਬਹੁਤ ਸਾਰੀਆਂ ਨੂੰਹਾਂ ਲਈ ਮਾਂ ਦੇ ਸਮਾਨ ਦਰਜਾ ਰੱਖਣ ਵਾਲੀਆਂ ਹੁੰਦੀਆਂ ਹਨ, ਉੱਥੇ ਹੀ ਕੁਝ ਨੂੰਹਾਂ ਵੱਲੋਂ ਕਿਸੇ ਪੱਖਪਾਤੀ ਵਿਵਹਾਰ ਕਾਰਨ ਜਾਂ ਵੱਖ ਵੱਖ ਮੌਕਿਆਂ ‘ਤੇ ਮਜ਼ਾਕ ਦੇ ਪੱਖ ਤੋਂ ਸੱਸਾਂ ਦੀ ਚੁੜੇਲਾਂ ਨਾਲ ਤੁਲਨਾ ਕੀਤੀ ਜਾਂਦੀ ਹੈ। ਗਿੱਧੇ ਦੀਆਂ ਬੋਲੀਆਂ ਵਿੱਚ ਸੱਸ ਨੂੰ ਚੁੜੇਲ ਦੇ ਰੂਪ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤਾ ਮਿਲਦਾ ਹੈ:

ਸੱੱਸਾਂ ਸੱਸਾਂ ਹਰ ਕੋਈ ਕਹਿੰਦਾ, ਸੱਸਾਂ ਕਿਹਨੇੇ ਬਣਾਈਆਂ

ਇਹ ਤਾਂ ਸਤਿਗੁਰ ਨੇ ਮਗਰ ਚੁੜੇਲਾਂ ਲਾਈਆਂ।

ਲੋਕ ਵਿਸ਼ਵਾਸਾਂ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਲਈ ਚੰਗੇ ਕਰਮਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਯੋਗ ਤੇ ਹਾਣ ਪ੍ਰਵਾਨ ਦੇ ਵਰ ਦੀ ਪ੍ਰਾਪਤੀ ਲਈ ਸੰਜੋਗਾਂ ਦਾ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ। ਕਿਸੇ ਦੇ ਹਾਣ ਦਾ ਵਰ ਨਾ ਮਿਲਣ ਸਬੰਧੀ ਲੋਕ ਬੋਲੀਆਂ, ਟੱਪਿਆਂ ਵਿੱਚ ਸੰਜੋਗਾਂ ਕਾਰਨ ਹਾਣ ਦਾ ਵਰ ਨਾ ਮਿਲਣ ਸਬੰਧੀ ਕਿਹਾ ਕੁਝ ਇਸ ਤਰ੍ਹਾਂ ਮਿਲਦਾ ਹੈ :

ਪੱਟਤੀ ਸੰਜੋਗਾਂ ਨੇ

ਮੈਨੂੰ ਹਾਣ ਦਾ ਮੁੰਡਾ ਨਾ ਥਿਆਇਆ।

ਜਨਮ ਲੈਣ ਅਤੇ ਮਰਨ ਸਬੰਧੀ ਲੋਕ ਵਿਸ਼ਵਾਸ ਹੈ ਕਿ ਅਜਿਹਾ ਰੱਬ ਵੱਲੋਂ ਨਿਰਧਾਰਤ ਹੁਕਮਾਂ ਅਨੁਸਾਰ ਹੁੰਦਾ ਹੈ। ਅਜਿਹਾ ਹੋਣ ਕਾਰਨ ਹੀ ਲੰਬੀਆਂ ਉਮਰਾਂ ਲਈ ਰੱਬ ਅੱਗੇ ਅਰਦਾਸਾਂ ਕੀਤੀਆ ਜਾਂਦੀਆਂ ਹਨ। ਕਿਸੇ ਵੱਲੋਂ ਜੋੜੀ ਬਣਾ ਕੇ ਰੱਖਣ ਲਈ ਬੋਲੀਆਂ ਟੱਪਿਆਂ ਵਿੱਚ ਕਿਹਾ ਕੁਝ ਇਸ ਤਰ੍ਹਾਂ ਮਿਲਦਾ ਹੈ:

ਜੋੜੀ ਵਿੱਚ ਵਿਘਨ ਨਾ ਪਾਈਂ

‘ਕੱਠਿਆਂ ਨੂੰ ਰੱਬਾ ਤੂੰ ਚੱਕਲੀਂ।

ਰੋਗਾਂ, ਬਿਮਾਰੀਆਂ ਨੂੰ ਠੀਕ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਉਪਾਵਾਂ ਸਬੰਧੀ ਲੋਕ ਵਿਸ਼ਵਾਸ ਮਿਲਦੇ ਹਨ। ਅਜਿਹੇ ਲੋਕ ਵਿਸ਼ਵਾਸਾਂ ਸਬੰਧੀ ਲੋਕਗੀਤ ਪੇਸ਼ਕਾਰੀ ਮਿਲਦੀ ਹੈ। ਗਿੱਧੇ ਦੀਆਂ ਲੋਕ ਬੋਲੀਆਂ ਵਿੱਚ ਇਸ ਤਰ੍ਹਾਂ ਦੇ ਲੋਕ ਵਿਸ਼ਵਾਸ ਸਬੰਧੀ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:

ਸਹੁਰੇ ਮੇਰੇ ਦੇ ਮਾਤਾ ਨਿਕਲੀ

ਨਿਕਲੀ ਮਾੜ੍ਹੀ ਮਾੜ੍ਹੀ

ਜੋਤ ਜਗਾਉਂਦੇ ਨੇ

ਦਾੜ੍ਹੀ ਫੂਕ ਲਈ ਸਾਰੀ

ਜੋਤ ਜਗਾਉਂਦੇ ਨੇ…

ਵਿਚੋਲੇ ਦਾ ਕਿਸੇ ਨੂੰ ਰਿਸ਼ਤਾ ਕਰਵਾਉਣ ਵਿੱਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਉਸ ਦੁਆਰਾ ਕੀਤੇ ਯਤਨਾਂ ਸਦਕਾ ਇਹ ਸਾਰਾ ਕੁਝ ਸਿਰੇ ਚੜ੍ਹਦਾ ਹੈ, ਪਰ ਵਿਆਹ ਦੇ ਗੀਤਾਂ ਵਿੱਚ ਸੰਜੋਗਾਂ ਸਦਕਾ ਵਿਆਹ ਹੋਣਾ ਕਹਿ ਕੇ ਉਸ ਦੇ ਯਤਨਾਂ ਪਿੱਛੇ ਉਸ ਦਾ ਛਾਪ ਦਾ ਲੋਭ ਹੋਣਾ ਕੁਝ ਇਸ ਤਰ੍ਹਾਂ ਦੱਸਿਆ ਮਿਲਦਾ ਹੈ:

ਵਿਚੋਲਿਆ ਚੰਗੇ ਸਾਨੂੰ ਕੁੜਮ ਮਿਲੇ

ਵੇ ਆਪੇ ਮਿਲ ਗਏ ਸੰਜੋਗ

ਤੂੰ ਵੀ ਤਾਂ ਯਤਨ ਕੀਤੇ

ਵੇ ਤੈਨੂੰ ਵਿਚੋਲਿਆ ਛਾਪ ਦਾ ਸੀ ਵੇ-ਲੋਭ।

ਜੀਵ ਜੰਤੂਆਂ, ਪੰਛੀਆਂ ਸਬੰਧੀ ਵੀ ਬਹੁਤ ਸਾਰੇ ਲੋਕ ਵਿਸ਼ਵਾਸ ਪ੍ਰਚੱਲਿਤ ਹਨ। ਕਾਂ ਦਾ ਕਿਸੇ ਦੇ ਬਨੇਰੇ ‘ਤੇ ਬੋਲਣਾ ਕਿਸੇ ਮਹਿਮਾਨ ਦੇ ਆਉਣ ਦਾ ਸੁਨੇਹਾ ਦੇਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੇ ਹੋਣ ਕਾਰਨ ਕਿਸੇ ਆਪਣੇ ਦੀ ਉਡੀਕ ਕਰ ਰਹੇ ਵੱਲੋਂ ਕਾਂ ਨੂੰ ਉਨ੍ਹਾਂ ਦੇ ਬਨੇਰੇ ‘ਤੇ ਆ ਕੇ ਬੋਲਣ ਲਈ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:

ਕੋਇਲ ਤਾਂ ਨਿੱਤ ਬੋਲਦੀ

ਕਦੇ ਬੋਲ ਵੇ ਬਨੇਰੇ ਚੰਦਰਿਆ ਕਾਵਾਂ।

ਜੱਗ ‘ਤੇ ਬਣੀਆਂ ਜੋੜੀਆਂ ਪਿੱਛੇ ਕਿਸੇ ਦੇ ਚੰਗੇ ਕਰਮਾਂ ਦਾ ਕੰਮ ਕਰਨ ਸਬੰਧੀ ਵੀ ਲੋਕ ਵਿਸ਼ਵਾਸ ਪ੍ਰਚੱਲਿਤ ਹੈ। ਕਿਸੇ ਵੱਲੋਂ ਦਾਨ ਪੁੰਨ ਦਾ ਫ਼ਲ ਮਿਲਣ ਸਬੰਧੀ ਵਿਸ਼ਵਾਸ ਕੀਤਾ ਜਾਂਦਾ ਹੈ। ਲੋਕ ਬੋਲੀਆਂ, ਟੱਪਿਆਂ ਵਿੱਚ ਜੋੜੀਆਂ ਬਣਾਉਣ ਪਿੱਛੇ ਚਿੱਟੇ ਚੌਲ ਪੁੰਨ ਕਰਨ ਕਰਨ ਸਬੰਧੀ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ:

ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ

ਰੱਬ ਨੇ ਬਣਾਈਆਂ ਜੋੜੀਆਂ।

ਤਬੀਤ ਧਾਗਿਆਂ ਨਾਲ ਕਿਸੇ ਸਮੱਸਿਆ ਦਾ ਹੱਲ ਹੋਣ ਅਤੇ ਕਿਸੇ ਨੂੰ ਮਾਨਸਿਕ ਰੂਪ ਵਿੱਚ ਕਾਬੂ ਕਰਨ ਸਬੰਧੀ ਵੀ ਲੋਕ ਵਿਸ਼ਵਾਸ ਪ੍ਰਚੱਲਿਤ ਹਨ। ਕਿਸੇ ਨੂੰ ਤਬੀਤ ਪਿਆ ਕੇ ਕਾਬੂ ਕਰਨ ਸਬੰਧੀ ਲੋਕ ਬੋਲੀਆਂ, ਟੱਪਿਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਕੀ ਘੋਲ ਕੇ ਤਬੀਤ ਪਿਆਇਆ

ਮੁਟਿਆਰ ਲੱਗੀ ਮਗਰ ਫਿਰੇ।

ਕਿਸੇ ਨੂੰ ਕੀਲ ਕੇ ਆਪਣੇ ਅਨੁਸਾਰ ਚਲਾਉਣ ਸਬੰਧੀ ਵੀ ਲੋਕ ਵਿਸ਼ਵਾਸ ਕੀਤਾ ਜਾਂਦਾ ਹੈ। ਕਿਸੇ ਨੂੰ ਕੀਲਣ ਸਬੰਧੀ ਲੋਕ ਗੀਤਾਂ, ਬੋਲੀਆਂ ਵਿੱਚ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:

ਮੁੰਡਾ ਕੀਲ ਕੇ ਪਟਾਰੀ ਵਿੱਚ ਪਾਇਆ

ਹੀਰ ਮਜ਼ਾਜ਼ਣ ਨੇ।

ਵਿਆਹ ਲਈ ਸ਼ੁਭ ਦਿਨ ਕਢਵਾਉਣਾ ਪੰਜਾਬੀ ਅਤੇ ਭਾਰਤੀ ਸੰਸਕ੍ਰਿਤੀ ਦੀ ਇੱਕ ਮਹੱਤਵਪੂਰਨ ਪਰੰਪਰਾ ਹੈ। ਵਿਆਹ ਕਢਵਾਉਣ ਤੋਂ ਬਾਅਦ ਹੀ ਵਿਆਹ ਨਾਲ ਸਬੰਧਤ ਗਤੀਵਿਧੀਆਂ ਦੀ ਸ਼ੁਰੂਆਤ ਹੁੰਦੀ ਹੈ। ਵਿਆਹ ਲਈ ਸ਼ੁਭ ਦਿਨ ਤੈਅ ਕਰਨ ਲਈ ਪਾਂਧੇ ਜਾਂ ਜੰਤਰੀ ਵੇਖਣ ਵਾਲੇ ਤੋਂ ਅਜਿਹਾ ਦਿਨ ਪੁੱਛਿਆ ਜਾਂਦਾ ਹੈ। ਅਜਿਹੇ ਲੋਕ ਵਿਸ਼ਵਾਸ ਸਬੰਧੀ ਲੋਕ ਬੋਲੀਆਂ, ਟੱਪਿਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਬਾਰਾਂ ਸਾਲ ਦੀ ਹੋ ਗਈ ਜੈ ਕੁਰੇ

ਸਾਲ ਤੇਰਵਾਂ ਚੜਿ੍ਹਆ

ਘੁੰਮ ਘੁੰਮਾ ਕੇ ਚੜ੍ਹੀ ਜਵਾਨੀ

ਨਾਗ ਇਸ਼ਕ ਦਾ ਲੜਿਆ

ਬਾਪੂ ਉਹਦੇ ਨੇ ਅੱਖ ਪਛਾਣੀ

ਜਾ ਪੰਡਤਾਂ ਦੇ ਵੜਿਆ

ਛੇਤੀ ਦੇਣੇ ਦਿਨ ਕਢਾਇਆ

ਵਿਆਹ ਬੰਤੀ ਦਾ ਧਰਿਆ

ਹਾਣ ਪ੍ਰਵਾਨ ਜਾਂ ਮਨ ਚਾਹਿਆ ਵਰ ਨਾ ਮਿਲਣ ਕਾਰਨ ਵੀ ਸੰਜੋਗਾਂ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਸਬੰਧੀ ਬੋਲੀਆਂ, ਟੱਪਿਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਵਗਦੀ ਰਾਵੀ ਵਿੱਚ ਸੂਤ ਸੁੱਟਿਆ ਅਟੇਰ ਕੇ

ਵਗਦੀ ਰਾਵੀ ਵਿੱਚ ਸੂਤ ਸੁੱਟਿਆ ਅਟੇਰ ਕੇ

ਹੈ ਨਹੀਂ ਸੀ ਤੂੰ ਮੇਰੇ ਜੋੋਗਾ

ਲਿਆਂਦੀ ਸੰਜੋਗਾਂ ਨੇ ਘੇਰ ਕੇ।

ਮਨੁੱਖੀ ਜੀਵਨ ਵਿੱਚ ਜੋ ਕੁਝ ਵੀ ਵਾਪਰਦਾ ਜਾਂ ਪ੍ਰਾਪਤ ਹੁੰਦਾ ਹੈ, ਉਸ ਸਬੰਧੀ ਪਿਛਲੇ ਜੀਵਨ ਵਿੱਚ ਕੀਤੇ ਚੰਗੇ ਮਾੜੇ ਕਰਮਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਅਜਿਹੇ ਲੋਕ ਵਿਸ਼ਵਾਸ ਸਬੰਧੀ ਟੱਪਿਆਂ, ਬੋਲੀਆਂ ਵਿੱਚ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:

ਮੁੰਡਾ ਪਿਛਲੇ ਜਨਮ ਦਾ ਸਾਧੂ

ਤਾਹੀਂ ਤਾਂ ਸੋਹਣੀ ਬਹੂ ਲੈ ਗਿਆ।

ਪੁੱਛਾਂ ਦੇਣ ਅਤੇ ਚੇਲੇ ਪੰਜਾਬੀ ਜਨ ਜੀਵਨ ਦਾ ਹਿੱਸਾ ਰਹੇ ਹਨ। ਲੋਕਾਂ ਵਿੱਚ ਸਿਆਣੇ ਕੋਲ ਜਾਣ ਅਤੇ ਕਿਸੇ ਸਮੱਸਿਆ, ਕਿਸੇ ਗੁਆਚੀ ਚੀਜ਼ ਆਦਿ ਸਬੰਧੀ ਪੁੱਛਣ ਲਈ ਲੋਕਗੀਤਾਂ ਵਿੱਚ ਲੋਕ ਵਿਸ਼ਵਾਸ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਸੱਦੋ ਭਾਈ ਚੇਲੇ ਨੂੰ

ਲਵਾ ਲਓ ਟੇਵਾ।

ਵੱਖ ਵੱਖ ਦਿਸ਼ਾਵਾਂ ਵਿੱਚ ਸਫ਼ਰ ਕਰਨ ਸਬੰਧੀ ਵੀ ਲੋਕ ਵਿਸ਼ਵਾਸ ਪ੍ਰਚੱਲਿਤ ਹਨ। ਵੱਖ ਵੱਖ ਦਿਨਾਂ ਨੂੰ ਵੱਖ ਵੱਖ ਦਿਸ਼ਾਵਾਂ ਵਿੱਚ ਸਫ਼ਰ ਕਰਨ ਨੂੰ ਚੰਗਾ ਮਾੜਾ ਮੰਨਿਆ ਜਾਂਦਾ ਹੈ। ਜਿਵੇਂ:

ਮੰਗਲ ਬੁੱਧ ਨਾ ਜਾਈਏ ਪਹਾੜ

ਜਿੱਤੀ ਬਾਜ਼ੀ ਜਾਈਏ ਹਾਰ।

ਇਸੇ ਤਰ੍ਹਾਂ ਵੱਖ ਵੱਖ ਦਿਸ਼ਾਵਾਂ ਵੱਲ ਮੂੰਹ ਕਰਕੇ ਕੰਮ ਸ਼ੁਰੂ ਕਰਨ ਸਬੰਧੀ ਵੀ ਵੱਖ ਵੱਖ ਤਰ੍ਹਾਂ ਦੇ ਲੋਕ ਵਿਸ਼ਵਾਸ ਪ੍ਰਚੱਲਿਤ ਹਨ। ਉੱਤਰ ਦਿਸ਼ਾ ਬਹੁਤ ਸਾਰੇ ਕੰਮਾਂ, ਕਾਰਜਾਂ ਲਈ ਸ਼ੁਭ ਮੰਨੀ ਜਾਂਦੀ ਹੈ। ਸ਼ਗਨ ਪਾਉਣ ਸਮੇਂ ਜਾਂ ਸੁਰਮਾ ਪਵਾਈ ਦੀ ਰਸਮ ਸਮੇਂ ਗਾਏ ਜਾਂਦੇ ਗੀਤਾਂ ਵਿੱਚ ਇਸ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:

ਚੜ੍ਹਦੇ ਕੰਨੀਂ ਨੂੰ ਬੈਠ ਕੇ ਵੀਰਾ

ਵੇ ਕੋਈ ਉੱਪਰੇ ਰੱਖੀਂ ਧਿਆਨ

ਖੁਸ਼ੀਆਂ ਮਨਾਉਣਗੇ ਦੇਵਤੇ

ਕੋਈ ਲੱਜਿਆ ਰੱਖੂ

ਵੇ ਵੀਰਨ ਪਿਆਰਿਆ ਵੇ-ਭਗਵਾਨ।

ਕੁਝ ਇਸੇ ਤਰ੍ਹਾਂ ਹੀ ਦਿਨਾਂ ਸਬੰਧੀ ਵੀ ਲੋਕ ਵਿਸ਼ਵਾਸ ਪ੍ਰਚੱਲਿਤ ਹਨ। ਵੱਖ ਵੱਖ ਦਿਨਾਂ ਸਬੰਧੀ ਵੱਖ ਵੱਖ ਚੀਜ਼ਾਂ ਦੀ ਖਰੀਦੋ ਫਰੋਖਤ ਸਬੰਧੀ ਵੀ ਲੋਕ ਵਿਸ਼ਵਾਸ ਪ੍ਰਚੱਲਿਤ ਹਨ। ਇਸੇ ਤਰ੍ਹਾਂ ਵੱਖ ਵੱਖ ਦਿਨਾਂ ਨੂੰ ਕੰਮ ਸ਼ੁਰੂ ਕਰਨਾ ਚੰਗਾ ਜਾ ਮਾੜਾ ਮੰਨਿਆ ਜਾਂਦਾ ਹੈ। ਜਿਵੇਂ:

ਮੰਗਲ ਦਾਤੀ ਬੁੱਧ ਬਿਜਾਈ

ਬੁੱਧ ਸ਼ਨਿਚਰ ਕੱਪੜਾ, ਗਹਿਣਾ ਐਤਵਾਰ

ਹਥੌਲਿਆਂ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਣ ਸਬੰਧੀ ਲੋਕ ਵਿਸ਼ਵਾਸ ਕੀਤੇ ਜਾਂਦੇ ਹਨ। ਟੱਪਿਆਂ ਵਿੱਚ ਹਥੌਲਾ ਪਵਾਉਣ ਸਬੰਧੀ ਕਿਹਾ ਕੁਝ ਇਸ ਤਰ੍ਹਾਂ ਮਿਲਦਾ ਹੈ:

ਸੱਦੋ ਨੀਂ ਚੇਲੇ ਨੂੰ

ਕਰਾ ਲਓ ਕੋਈ ਹਥੌਲਾ।

ਇਸ ਤਰ੍ਹਾਂ ਲੋਕ ਵਿਸ਼ਵਾਸਾਂ ਦਾ ਦਾਇਰਾ ਬਹੁਤ ਵਿਸ਼ਾਲ ਹੈ। ਜ਼ਿੰਦਗੀ ਦੇ ਹਰ ਪੱਖ ਵਿੱਚ ਇਨ੍ਹਾਂ ਦਾ ਪ੍ਰਭਾਵ ਅਤੇ ਮਹੱਤਵ ਹੈ।

ਸੰਪਰਕ: 81469-24800

Advertisement